Punjabi Chapters website ਉੱਪਰ ਤੁਹਾਨੂੰ History ਅਤੇ Biography ਪੜ੍ਹਨ ਨੂੰ ਮਿਲ ਜਾਵੇਗੀ।

Thursday, October 15, 2026

ਰਾਇ ਬੁਲਾਰ ਭੱਟੀ ਜੀ ਦਾ ਜੀਵਨ, ਤਿਆਗ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰੂਹਾਨੀ ਸਾਂਝ

ਪੰਜਾਬ ਦੀ ਧਰਤੀ ਦਾ ਇਤਿਹਾਸ ਬੜਾ ਹੀ ਮਹਾਨ ਰਿਹਾ ਹੈ। ਇਸ ਧਰਤੀ ਨੇ ਅਨੇਕਾਂ ਹੀ ਮਹਾਨ ਸਖਸ਼ੀਅਤਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਧਰਮ, ਜਾਤ ਪਾਤ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਅਮਰ ਮਿਸਾਲ ਕਾਇਮ ਕੀਤੀ। 

ਐਸਾ ਹੀ ਇੱਕ ਨਾਮ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਹਮੇਸ਼ਾ ਲਈ ਦਰਜ਼ ਹੋ ਗਿਆ - ਰਾਇ ਭੋਇ ਭੱਟੀ

ਰਾਇ ਬੁਲਾਰ ਭੱਟੀ ਸ੍ਰੀ ਨਨਕਾਣਾ ਸਾਹਿਬ ਦੇ ਉਸ ਵੇਲੇ ਮਾਲਕ ਸਨ ਜਦੋਂ ਉਸ ਇਲਾਕੇ ਦਾ ਨਾਮ ਰਾਇ ਭੋਇ ਭੱਟੀ ਦੇ ਨਾਮ ਤੇ ਰਾਇ ਭੋਇ ਕੀ ਤਲਵੰਡੀ ਰੱਖਿਆ ਗਿਆ ਸੀ। ਰਾਇ ਭੋਇ ਭੱਟੀ ਮੁਸਲਿਮ ਸ਼ਾਸਕ ਸਨ ਅਤੇ ਰਾਇ ਬੁਲਾਰ ਭੱਟੀ ਉਹਨਾਂ ਦੇ ਵੰਸਜ਼ ਸਨ। ਰਾਇ ਬੁਲਾਰ ਭੱਟੀ ਨੂੰ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਮੁਸਲਿਮ ਸ਼ਰਧਾਲੂ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਰਾਇ ਬੁਲਾਰ ਭੱਟੀ ਹੀ ਸਨ ਜਿਨ੍ਹਾਂ ਨੇ ਬੇਬੇ ਨਾਨਕੀ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੱਬੀ ਰੂਪ ਪਛਾਣਿਆ। ਜਦੋਂ ਸਾਰੀ ਦੁਨੀਆ ਨਾਨਕ ਜੀ ਨੂੰ ਇੱਕ ਸਧਾਰਨ ਬੱਚਾ ਸਮਝ ਰਹੀ ਸੀ ਤਾਂ ਉਸ ਵੇਲੇ ਰਾਇ ਬੁਲਾਰ ਜੀ ਨੇ ਗੁਰੂ ਨਾਨਕ ਦੇਵ ਜੀ ਵਿੱਚੋ ਰੱਬੀ ਨੂਰ ਦੇ ਦਰਸ਼ਨ ਕੀਤੇ।


ਇਸ ਲੇਖ ਵਿੱਚ ਆਪਾਂ ਰਾਇ ਬੁਲਾਰ ਜੀ ਦੇ ਜੀਵਨ, ਉਨ੍ਹਾਂ ਦੇ ਪਰਿਵਾਰਕ ਇਤਿਹਾਸ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਉਹਨਾਂ ਦਾ ਗੂੜ੍ਹਾ ਪਿਆਰ ਅਤੇ ਰੂਹਾਨੀ ਰਿਸ਼ਤੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਾਂਗੇ।


ਪਰਿਵਾਰ ਪਿਛੋਕੜ

ਰਾਇ ਬੁਲਾਰ ਭੱਟੀ ਜੀ ਪੰਜਾਬ ਦੇ ਪ੍ਰਸਿੱਧ ਭੱਟੀ ਰਾਜਪੂਤ ਘਰਾਣੇ ਵਿੱਚੋਂ ਸੀ। ਉਸ ਸਮੇਂ ਇਹ ਪਰਿਵਾਰ ਬਹੁਤ ਹੀ ਅਮੀਰ ਜ਼ਿਮੀਂਦਾਰ ਘਰਾਣਾ ਸੀ ਜਿਸ ਦਾ ਦਬਦਬਾ ਪੂਰੇ ਸਾਂਦਲ ਬਾਰ ਦੇ ਖੇਤਰ ਵਿੱਚ ਸੀ।


ਭੱਟੀ ਘਰਾਣੇ ਦੀ ਪੀੜ੍ਹੀ

ਰਾਇ ਭੋਇ ਭੱਟੀ: ਰਾਇ ਭੋਇ ਭੱਟੀ ਜੀ ਨੇ 13ਵੀਂ - 14ਵੀਂ ਸਦੀ ਵਿੱਚ ਜੰਗਲੀ ਖੇਤਰ ਨੂੰ ਵਸਾਇਆ ਅਤੇ ਇਸ ਇਲਾਕੇ ਦਾ ਨਾਮ ਰਾਇਪੁਰ ਰੱਖਿਆ। ਜਿਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਰਾਇ ਭੋਇ ਦੀ ਤਲਵੰਡੀ ਕਹਿਣਾ ਸ਼ੁਰੂ ਕਰ ਦਿੱਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਬਾਅਦ ਇਸਦਾ ਨਾਮ ਸ੍ਰੀ ਨਨਕਾਣਾ ਸਾਹਿਬ ਰੱਖ ਦਿੱਤਾ ਗਿਆ। 

ਰਾਇ ਬੁਲਾਰ ਭੱਟੀ: ਰਾਇ ਭੋਇ ਭੱਟੀ ਜੀ ਦੇ ਵੰਸ਼ਜ ਸਨ ਰਾਇ ਬੁਲਾਰ ਭੱਟੀ, ਰਾਇ ਭੋਇ ਤੋਂ ਬਾਅਦ ਰਾਇ ਬੁਲਾਰ ਜੀ ਨੇ ਇਸ ਇਲਾਕੇ ਦੀ ਚੌਧਰ ਸੰਭਾਲੀ। 

ਰਾਇ ਬੁਲਾਰ ਦੇ ਪੁੱਤਰ: ਰਾਇ ਬੁਲਾਰ ਜੀ ਦੇ ਪੁੱਤਰ ਦਾ ਨਾਮ ਸਾਂਦਲ ਭੱਟੀ ਸੀ, ਜਿਨ੍ਹਾਂ ਦੇ ਨਾਮ ਤੇ ਇਸ ਇਲਾਕੇ ਦਾ ਨਾਮ ਸਾਂਦਲ ਬਾਰ ਪੈ ਗਿਆ। ਸਾਂਦਲ ਭੱਟੀ ਦੇ ਪੁੱਤਰ ਦਾ ਨਾਮ ਰਾਏ ਫ਼ਰੀਦ ਖਾਨ ਭੱਟੀ ਅਤੇ ਉਹਨਾਂ ਦੇ ਪੁੱਤਰ ਦਾ ਨਾਮ ਅਬਦੁੱਲਾ ਭੱਟੀ ਜੋ ਕਿ ਅਕਬਰ ਦੇ ਸ਼ਾਸਨ ਕਾਲ ਦੌਰਾਨ ਦੁੱਲਾ ਭੱਟੀ ਦੇ ਨਾਮ ਨਾਲ ਕਾਫ਼ੀ ਮਸ਼ਹੂਰ ਹੋਏ। ਜਿੰਨ੍ਹਾ ਦੀ ਲੋਹੜੀ ਦੇ ਨਾਲ ਸੰਬਧਿਤ ਕਹਾਣੀ ਕਾਫ਼ੀ ਮਸ਼ਹੂਰ ਹੈ। 


ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਨਾਲ ਸਬੰਧ 

ਜਦੋਂ ਰਾਇ ਬੁਲਾਰ ਭੱਟੀ ਜੀ ਤਲਵੰਡੀ ਦੇ ਮਾਲਕ ਸਨ ਤਾਂ ਉਦੋਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਉਨ੍ਹਾਂ ਦੀ ਰਿਆਸਤ ਵਿੱਚ ਮੁੱਖ ਪਟਵਾਰੀ ਵਜੋਂ ਨੌਕਰੀ ਕਰਦੇ ਸੀ। ਮਹਿਤਾ ਕਾਲੂ ਜੀ ਦੇ ਪਿਤਾ ਜੀ ਵੀ ਰਾਇ ਭੋਇ ਭੱਟੀ ਕੋਲ ਪਟਵਾਰੀ ਦਾ ਕੰਮ ਕਰਦੇ ਸਨ। ਰਾਇ ਭੋਇ ਜੀ ਹੀ ਗੁਰੂ ਨਾਨਕ ਦੇਵ ਜੀ ਦੇ ਦਾਦਾ ਜੀ ਨੂੰ ਅਤੇ ਪਿਤਾ ਜੀ ਨੂੰ ਪੱਠੇਵਿੰਡ ਪਿੰਡ (ਜ਼ਿਲ੍ਹਾ ਤਰਨ ਤਾਰਨ) ਤੋਂ ਰਾਇ ਭੋਇ ਕੀ ਤਲਵੰਡੀ ਲੈ ਕੇ ਗਏ ਸੀ। 

ਇਸ ਕਰਕੇ ਪਿਤਾ ਮਹਿਤਾ ਕਾਲੂ ਜੀ ਦੇ ਰਾਇ ਬੁਲਾਰ ਨਾਲ ਸਬੰਧ ਬਹੁਤ ਗੂੜ੍ਹੇ ਸਨ। ਰਾਇ ਬੁਲਾਰ ਜੀ ਮਹਿਤਾ ਕਾਲੂ ਜੀ ਦੀ ਇਮਾਨਦਾਰੀ ਦਾ ਬਹੁਤ ਸਤਿਕਾਰ ਕਰਦੇ ਸਨ। ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਰਾਇ ਬੁਲਾਰ ਜੀ ਨੇ ਸਾਰੇ ਨਗਰ ਵਿੱਚ ਮਠਿਆਈ ਵੰਡਵਾਈ ਸੀ। 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਨਾਲ ਸਬੰਧ


ਬਾਲ ਨਾਨਕ ਦੇ ਰੱਬੀ ਨੂਰ ਦੀ ਪਛਾਣ

ਗੁਰੂ ਨਾਨਕ ਦੇਵ ਜੀ ਦੇ ਬਚਪਨ ਦੌਰਾਨ ਕਈ ਅਜਿਹੀਆਂ ਅਲੌਕਿਕ ਘਟਨਾਵਾਂ ਹੋਈਆਂ, ਜਿਨ੍ਹਾਂ ਨੂੰ ਦੇਖ ਕੇ ਰਾਇ ਬੁਲਾਰ ਜੀ ਦੀ ਸ਼ਰਧਾ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਤੀ ਹੋਰ ਜ਼ਿਆਦਾ ਵੱਧ ਗਈ। 


ਨੁਕਸਾਨਿਆ ਖੇਤ ਹਰਾ ਭਰਾ (ਗੁਰਦੁਆਰਾ ਕਿਆਰਾ ਸਾਹਿਬ)

ਇੱਕ ਵਾਰ ਬਾਲ ਨਾਨਕ ਜੀ ਖੇਤਾਂ ਵਿੱਚ ਮੱਝਾਂ ਚਾਰ ਰਹੇ ਸਨ। ਉਹ ਰੱਬ ਦੀ ਬੰਦਗੀ ਵਿੱਚ ਲੀਨ ਹੋ ਗਏ ਅਤੇ ਮੱਝਾਂ ਕਿਸਾਨ ਦੇ ਖੇਤ ਵਿੱਚ ਚਲੀਆਂ ਗਈਆਂ ਅਤੇ ਫ਼ਸਲ ਦਾ ਨੁਕਸਾਨ ਕਰ ਦਿੱਤਾ। ਇਹ ਦੇਖ ਕੇ ਕਿਸਾਨ ਗੁੱਸੇ ਵਿੱਚ ਰਾਇ ਬੁਲਾਰ ਜੀ ਕੋਲ ਸ਼ਿਕਾਇਤ ਲੈ ਕੇ ਪਹੁੰਚਿਆ। ਜਦੋਂ ਰਾਇ ਬੁਲਾਰ ਜੀ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਗੁਰੂ ਜੀ ਦੀ ਮੇਹਰ ਨਾਲ ਉਹ ਖੇਤ ਪਹਿਲਾਂ ਨਾਲੋਂ ਵੀ ਜ਼ਿਆਦਾ ਹਰਿਆ ਭਰਿਆ ਹੋਇਆ ਸੀ। ਇਹ ਦੇਖ ਕੇ ਰਾਇ ਬੁਲਾਰ ਜੀ ਹੈਰਾਨ ਰਹਿ ਗਏ ਅਤੇ ਸਮਝ ਗਏ ਕਿ ਇਹ ਕੋਈ ਆਮ ਬਾਲਕ ਨਹੀਂ ਹੈ।


ਫਨਿਅਰ ਨਾਗ ਵੱਲੋਂ ਗੁਰੂ ਜੀ ਨੂੰ ਛਾਂ ਕਰਨੀ (ਗੁਰਦੁਆਰਾ ਮਾਲ ਜੀ ਸਾਹਿਬ)

ਇੱਕ ਵਾਰ ਗੁਰੂ ਨਾਨਕ ਦੇਵ ਜੀ ਇੱਕ ਜੰਡ ਹੇਠਾਂ ਸੌਂ ਗਏ। ਜਿਵੇਂ ਜਿਵੇਂ ਦਿਨ ਢਲਿਆ ਤਾਂ ਧੁੱਪ ਗੁਰੂ ਜੀ ਦੇ ਚਿਹਰੇ ਉੱਪਰ ਪਈ। ਉਸ ਵੇਲੇ ਇੱਕ ਫਨੀਆਰ ਸੱਪ ਨੇ ਆਪਣੇ ਫਨ ਖਲਾਰ ਕੇ ਗੁਰੂ ਨਾਨਕ ਦੇਵ ਜੀ ਨੂੰ ਛਾਂ ਕੀਤੀ। ਰਾਇ ਬੁਲਾਰ ਜੀ ਓਥੋਂ ਲੰਘ ਰਹੇ ਸੀ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਇਹ ਦ੍ਰਿਸ਼ ਵੇਖਿਆ। ਇਸ ਅਲੌਕਿਕ ਦ੍ਰਿਸ਼ ਨੇ ਦੇਖ ਕੇ ਰਾਇ ਬੁਲਾਰ ਜੀ ਨੇ ਮਨ ਵਿੱਚ ਗੁਰੂ ਜੀ ਪ੍ਰਤੀ ਸ਼ਰਧਾ ਹੋਰ ਜ਼ਿਆਦਾ ਵੱਧ ਗਈ ਤੇ ਰਾਇ ਬੁਲਾਰ ਜੀ ਨੇ ਘੋੜੇ ਤੋਂ ਉੱਤਰ ਕੇ ਗੁਰੂ ਨਾਨਕ ਦੇਵ ਜੀ ਨੂੰ ਗਲ ਨਾਲ ਲਾ ਲਿਆ।

ਫਨੀਅਰ ਨਾਗ ਵੱਲੋਂ ਗੁਰੂ ਨਾਨਕ ਜੀ 'ਤੇ ਛਾਂ ਕਰਨ ਦੀ ਘਟਨਾ


ਮਹਿਤਾ ਕਾਲੂ ਜੀ ਨੂੰ ਰਾਇ ਬੁਲਾਰ ਜੀ ਦੀ ਨਸੀਅਤ

ਜਦੋਂ ਮਹਿਤਾ ਕਾਲੂ ਜੀ ਨੇ ਨਾਨਕ ਜੀ ਨੂੰ 20 ਰੁਪਈਏ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ 20 ਰੁਪਈਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਆਏ ਤਾਂ ਮਹਿਤਾ ਕਾਲੂ ਜੀ ਨੇ ਓਹਨਾ ਨੂੰ ਚਪੇੜ ਮਾਰ ਦਿੱਤੀ। ਇਸ ਤਰ੍ਹਾਂ ਪਿਤਾ ਕਾਲੂ ਜੀ ਨੇ ਜਦੋਂ ਦੇਖਿਆ ਕਿ ਨਾਨਕ ਜੀ ਦਾ ਸੰਸਾਰਿਕ ਕੰਮਾਂ ਵੱਲ ਧਿਆਨ ਨਹੀਂ ਹੈ ਤਾਂ ਪਿਤਾ ਜੀ ਨਾਨਕ ਜੀ ਨੂੰ ਝਿੜਕਦੇ, ਤਾਂ ਰਾਇ ਬੁਲਾਰ ਜੀ ਗੁਰੂ ਨਾਨਕ ਦੇਵ ਜੀ ਦੇ ਪੱਖ ਵਿੱਚ ਬੋਲਦੇ ਤੇ ਪਿਤਾ ਮਹਿਤਾ ਕਾਲੂ ਜੀ ਨੂੰ ਕਹਿੰਦੇ ਕਿ ਤੁਹਾਨੂੰ ਜਿੰਨੇ ਵੀ ਪੈਸਿਆਂ ਦੀ ਲੋੜ ਹੈ ਮੈਂ ਆਪਣੀ ਜਾਗੀਰ ਵਿੱਚੋਂ ਤੁਹਾਨੂੰ ਦੇ ਦਵਾਂਗਾ ਪਰ ਤੁਸੀਂ ਨਾਨਕ ਜੀ ਨੂੰ ਝਿੜਕਿਆ ਨਾ ਕਰੋ। 

ਰਾਇ ਬੁਲਾਰ ਜੀ ਨੇ ਕਿਹਾ, "ਮਹਿਤਾ ਜੀ ਤੁਸੀਂ ਨਾਨਕ ਜੀ ਨੂੰ ਸਾਧਾਰਨ ਬਾਲਕ ਸਮਝਦੇ ਹੋ ਪਰ ਨਾਨਕ ਜੀ ਸਾਧਾਰਨ ਬਾਲਕ ਨਹੀਂ ਸਗੋਂ ਕੋਈ ਅਵਤਾਰੀ ਪੁਰਸ਼ ਹਨ। ਤੁਹਾਡੇ ਵੱਡੇ ਭਾਗ ਹਨ ਕਿ ਐਸੇ ਮਹਾਂਪੁਰਸ਼ ਨੇ ਤੁਹਾਡੇ ਘਰ ਜਨਮ ਲਿਆ ਹੈ। ਜੇਕਰ ਨਾਨਕ ਜੀ ਕਰਕੇ ਤੁਹਾਨੂੰ ਕੋਈ ਘਾਟਾ ਪੈਂਦਾ ਹੈ ਤਾਂ ਉਸ ਦੀ ਭਰਪਾਈ ਮੈਂ ਕਰਾਂਗਾ।"


ਰਾਇ ਬੁਲਾਰ ਜੀ ਦਾ ਦਾਨ

ਰਾਇ ਬੁਲਾਰ ਜੀ ਦਾ ਗੁਰੂ ਨਾਨਕ ਦੇਵ ਜੀ ਪ੍ਰਤੀ ਕਿੰਨਾ ਪ੍ਰੇਮ ਸੀ ਇਹ ਤਾਂ ਸਾਨੂੰ ਓਹਨਾ ਦੀ ਇਤਿਹਾਸਿਕ ਸਾਖੀ ਪੜ੍ਹ ਕੇ ਪਤਾ ਲੱਗ ਜਾਂਦਾ ਹੈ ਪਰ ਉਹਨਾਂ ਦਾ ਪ੍ਰੇਮ ਸਿਰਫ਼ ਸ਼ਬਦਾਂ ਤੱਕ ਹੀ ਸੀਮਤ ਨਹੀਂ ਸੀ ਬਲਕਿ ਰਾਇ ਬੁਲਾਰ ਜੀ ਨੇ ਆਪਣੀ ਕੁੱਲ ਰਿਆਸਤ ਅਤੇ ਜ਼ਮੀਨ ਵਿਚੋਂ 18750 ਏਕੜ ਜ਼ਮੀਨ ਗੁਰੂ ਘਰ ਦੀ ਸੇਵਾ ਲਈ ਦਾਨ ਕਰ ਦਿੱਤੀ। ਇਹ ਵੀ ਇਤਿਹਾਸ ਵਿੱਚ ਸਭ ਤੋਂ ਵੱਡਾ ਦਾਨ ਦਰਜ਼ ਹੈ। 

ਅੱਜ ਵੀ ਪਾਕਿਸਤਾਨ ਔਕਾਫ਼ ਬੋਰਡ (Evacuee Trust Property Board) ਕੋਲ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਦੇ ਨਾਮ ਇਹ ਜ਼ਮੀਨ ਦਰਜ਼ ਹੈ, ਜਿਸ ਦੀ ਆਮਦਨ ਨਾਲ ਗੁਰੂ ਘਰਾਂ ਦੀ ਸੇਵਾ ਸੰਭਾਲ ਹੁੰਦੀ ਹੈ।


ਅੰਤਿਮ ਸਮਾਂ ਅਤੇ ਵਿਛੋੜਾ

ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਦੇ ਕਲਿਆਣ ਲਈ ਆਪਣੀਆਂ ਚਾਰ ਉਦਾਸੀਆਂ ਸ਼ੁਰੂ ਕੀਤੀਆਂ ਤਾਂ ਰਾਇ ਬੁਲਾਰ ਜੀ ਦਾ ਮਨ ਗੁਰੂ ਜੀ ਦੇ ਵਿਛੋੜੇ ਵਿੱਚ ਤੜਫਣ ਲੱਗਾ। 

ਜਦੋਂ ਰਾਇ ਬੁਲਾਰ ਜੀ ਬੁਢਾਪੇ ਦੀ ਉਮਰ ਵਿੱਚ ਬੀਮਾਰ ਹੋ ਗਏ ਤਾਂ ਉਨ੍ਹਾਂ ਦੀ ਅੰਤਿਮ ਇੱਛਾ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ। ਗੁਰੂ ਨਾਨਕ ਦੇਵ ਜੀ ਰਾਇ ਬੁਲਾਰ ਜੀ ਦੇ ਦਿਲ ਦੀ ਪੁਕਾਰ ਸੁਣੀ ਤੇ ਓਹਨਾ ਨੂ ਦਰਸ਼ਨ ਦੇਣ ਲਈ ਤਲਵੰਡੀ ਪਹੁੰਚੇ। ਜਦੋਂ ਰਾਇ ਬੁਲਾਰ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਗਏ ਤਾਂ ਰਾਇ ਬੁਲਾਰ ਦੀਆਂ ਅੱਖਾਂ ਵਿੱਚ ਪ੍ਰੇਮ ਦੇ ਅੱਥਰੂ ਆ ਗਏ। ਗੁਰੂ ਜੀ ਨੇ ਰਾਇ ਬੁਲਾਰ ਜੀ ਨੂੰ ਗਲ ਨਾਲ ਲਾਇਆ ਅਤੇ ਆਤਮਿਕ ਸ਼ਾਂਤੀ ਬਖਸ਼ੀ। ਇਸ ਤੋਂ ਕੁੱਝ ਦਿਨਾਂ ਬਾਅਦ ਹੀ ਰਾਇ ਬੁਲਾਰ ਜੀ ਆਪਣੀ ਦੇਹ ਤਿਆਗ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ।


ਰਾਇ ਬੁਲਾਰ ਜੀ ਦੀ ਵਿਰਾਸਤ

ਰਾਇ ਬੁਲਾਰ ਭੱਟੀ ਜੀ ਦਾ ਨਾਮ ਸਿੱਖ ਜਗਤ ਵਿੱਚ ਪੂਰੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਹਿੰਦੀ ਮੁਸਲਿਮ ਸਿੱਖ ਸਾਂਝੀਵਾਲਤਾ ਦੇ ਸਭ ਤੋਂ ਵੱਡੇ ਪ੍ਰਤੀਕ ਹਨ।

  • ਭੱਟੀ ਪਰਿਵਾਰ ਦਾ ਸਤਿਕਾਰ: ਅੱਜ ਹੀ ਜਦੋਂ ਰਾਇ ਬੁਲਾਰ ਜੀ ਦਾ ਪਰਿਵਾਰ ਪਾਕਿਸਤਾਨ ਵਿਚ ਗੁਰਪੁਰਬ ਦੇ ਸਮਾਗਮਾਂ ਵਿੱਚ ਆਉਂਦਾ ਹੈ ਤਾਂ ਸਿੱਖ ਜਗਤ ਵਿਚ ਉਹਨਾਂ ਦਾ ਬਹੁਤ ਵੱਡਾ ਮਾਣ ਸਤਿਕਾਰ ਕੀਤਾ ਜਾਂਦਾ ਹੈ।
  • ਕੇਂਦਰੀ ਸਿੱਖ ਅਜਾਇਬ ਘਰ: ਰਾਇ ਬੁਲਾਰ ਦੀ ਨੇ ਗੁਰੂ ਨਾਨਕ ਦੇਵ ਜੀ ਪ੍ਰਤੀ ਬਹੁਤ ਪ੍ਰੇਮ ਰੱਖਿਆ ਅਤੇ ਸਿੱਖ ਧਰਮ ਪ੍ਰਤੀ ਅਣਮੁੱਲੀਆਂ ਸੇਵਾਵਾਂ ਨਿਭਾਈਆਂ ਜਿਨ੍ਹਾਂ ਕਰਕੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਕੇਂਦਰੀ ਅਜਾਇਬ ਘਰ ਵਿੱਚ ਰਾਇ ਬੁਲਾਰ ਜੀ ਦੀ ਤਸਵੀਰ ਵਿਸ਼ੇਸ਼ ਤੌਰ ਤੇ ਸ਼ੁਸ਼ੋਭਿਤ ਕੀਤੀ ਗਈ ਹੈ।


ਸਿੱਟਾ

ਰਾਇ ਬੁਲਾਰ ਜੀ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਰੂਹਾਨੀਅਤ ਅਤੇ ਪ੍ਰੇਮ ਦਾ ਕੋਈ ਧਰਮ ਨਹੀਂ ਹੁੰਦਾ। ਉਹ ਇੱਕ ਅਜਿਹੇ ਮਹਾਨ ਇਨਸਾਨ ਸਨ ਜਿੰਨ੍ਹਾਂ ਨੇ ਆਪਣੇ ਸ਼ਾਸ਼ਕ ਹੋਣ ਦੇ ਅਹੰਕਾਰ ਨੂੰ ਤਿਆਗ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਅਰਪਣ ਕਰ ਦਿੱਤੀ। 



No comments:

Post a Comment

Post Top Ad

Your Ad Spot

Pages

SoraTemplates

Best Free and Premium Blogger Templates Provider.

Buy This Template