History of Hola Mohalla in Punjabi

Roop Sandhu
0

Hola Mohalla 
ਹੋਲਾ ਮਹੱਲਾ 


ਹੋਲਾ ਮਹੱਲਾ ਪੰਜਾਬ ਦਾ ਇਤਿਹਾਸਿਕ ਤੇ ਧਾਰਮਿਕ ਰੱਖਣ ਵਾਲਾ ਬਹੁਤ ਹੀ ਮਹੱਤਵਪੂਰਨ ਤੇ ਮਸ਼ਹੂਰ ਤਿਉਹਾਰ ਹੈ। ਹੋਲਾ ਮਹੱਲਾ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1701 ਈ: ਵਿੱਚ ਆਰੰਭ ਕੀਤਾ ਸੀ ਜੋ ਕਿ ਖਾਲਸੇ ਦਾ ਮੁੱਖ ਤੇ ਪਵਿੱਤਰ, ਜਾਹੋ ਜਲਾਲ ਦਾ ਪ੍ਰਤੀਕ ਹੈ, ਹੁਣ ਹਰ ਸਾਲ ਇਹ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਫੱਗਣ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਸਿੱਖਾਂ ਦੇ ਵੱਡੇ ਤਿਉਹਾਰਾਂ ਵਿੱਚੋਂ ਇੱਕ ਤਿਉਹਾਰ ਹੈ। ਇਹ ਹੋਲੇ ਮਹੱਲੇ ਦੇ ਸੰਬੰਧ ਵਿੱਚ ਗੁਰੂ ਘਰਾਂ ਵਿੱਚ ਕਥਾ, ਕੀਰਤਨ ਹੁੰਦਾ ਹੈ। ਅਖੰਡ ਪਾਠ ਸਾਹਿਬ ਰੱਖੇ ਜਾਂਦੇ ਹਨ। ਹੋਲੇ ਮਹੱਲੇ ਵਾਲੇ ਦਿਨ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਂਦੇ ਹਨ। ਇਸ ਸੰਬੰਧ ਵਿੱਚ ਕਈ ਪਿੰਡ ਸ਼ਹਿਰਾਂ ਵਿੱਚ ਨਗਰ ਕੀਰਤਨ ਕੱਢੇ ਜਾਂਦੇ ਹਨ। 

ਹੋਲੇ ਮਹੱਲੇ ਤਿਉਹਾਰ ਦੇ ਸੰਬੰਧ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਹੀ ਵੱਡਾ ਮੇਲਾ ਲਗਦਾ ਹੈ। ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਉਸ ਮੇਲੇ ਵਿੱਚ ਹਾਜ਼ਰੀ ਭਰ ਕੇ ਆਪਣੇ ਗੁਰੂ ਨੂੰ ਨਤਮਸਤਕ ਹੁੰਦੇ ਹਨ। ਇਹ ਤਿਉਹਾਰ ਸਿੱਖਾਂ ਦੀ ਬਹਾਦਰੀ ਅਤੇ ਖੁਸ਼ੀ ਦਾ ਪ੍ਰਤੀਕ ਹੈ। ਕਥਾ ਕੀਰਤਨ ਅਤੇ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਸਿੱਖਾਂ ਵਿੱਚ ਅਲੱਗ ਅਲੱਗ ਖੇਡਾਂ ਖੇਡੀਆਂ ਜਾਂਦੀਆਂ ਹਨ, ਸਿੱਖ ਮਹੱਲਾ ਕੱਢ ਕੇ ਇੱਕ ਜਗ੍ਹਾ ਇਕੱਠੇ ਹੁੰਦੇ ਹਨ ਜਿੱਥੇ ਸਿੱਖਾਂ ਵੱਲੋਂ ਖਾਲਸਾਈ ਯੋਧੇ ਅਲੱਗ ਅਲੱਗ ਤਰ੍ਹਾਂ ਦੇ ਪ੍ਰਦਰਸ਼ਨ ਕਰਦੇ ਹਨ ਜਿੰਨ੍ਹਾਂ ਵਿੱਚ ਘੋੜਸਵਾਰੀ, ਤਲਵਾਰਬਾਜੀ, ਗਤਕਾ ਆਉਂਦੇ ਹਨ। 


Table of Contents

ਹੋਲਾ ਮਹੱਲਾ ਸ਼ਬਦ ਅਰਥ

ਹੋਲਾ ਮਹੱਲਾ ਦੋ ਅਲੱਗ ਅਲੱਗ ਸ਼ਬਦਾਂ ਸੁਮੇਲ ਹੈ ਜਿਸ ਵਿੱਚ ਹੋਲਾ ਮਰਦਾਨਗੀ ਨੂੰ ਦਰਸਾਉਂਦਾ ਹੈ ਤੇ ਮਹੱਲਾ ਦਾ ਅਰਥ ਹੈ ਟਿਕਾਣਾ। ਇਤਿਹਾਸਕਾਰਾਂ ਅਨੁਸਾਰ ਹੋਲਾ ਅਰਬੀ ਭਾਸ਼ਾ ਦਾ ਸ਼ਬਦ ਹੈ। ਅਰਬੀ ਭਾਸ਼ਾ ਵਿੱਚ ਹੋਲਾ ਨੂੰ ਹੂਲ ਕਿਹਾ ਜਾਂਦਾ ਹੈ ਜਿਸਦਾ ਅਰਥ ਹੈ ਭਲਾਈ ਦੇ ਕੰਮਾਂ ਲਈ ਜੂਝ ਜਾਣਾ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਆਪਣਾ ਸੀਸ ਤਲੀ ਤੇ ਧਰ ਦੇਣਾ ਤੇ ਦੁਸ਼ਮਣਾ ਨਾਲ ਲੜ੍ਹਨਾ। 

ਸੰਸਕ੍ਰਿਤ ਭਾਸ਼ਾ ਵਿੱਚ ਹੋਲਾ ਨੂੰ ਹੋਲਕਾ ਕਿਹਾ ਜਾਂਦਾ ਹੈ ਜਿਸਦਾ ਅਰਥ ਹੈ ਹਮਲਾਵਰ ਜਾਂ ਜੰਗੀ ਯੋਧੇ।

ਮਹੱਲਾ ਸ਼ਬਦ ਦਾ ਅਰਥ ਹੈ ਟਿਕਾਣਾ ਭਾਵ ਕਿ ਕਿਸੇ ਜਗ੍ਹਾ ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਸ ਜਗ੍ਹਾ ਤੇ ਟਿਕਾਣਾ ਕਰ ਲੈਣਾ। 

ਆਸਾਨ ਭਾਸ਼ਾ ਵਿੱਚ ਮਹੱਲਾ ਸ਼ਬਦ ਦਾ ਅਰਥ ਪਰੇਡ ਜਾਂ ਜਲੂਸ ਵੀ ਲਿਖਿਆ ਗਿਆ ਹੈ। ਜਿਸ ਨੂੰ ਨਵੇਂ ਰੂਪ ਵਿੱਚ ਰੈਲੀ ਵੀ ਕਹਿ ਸਕਦੇ ਹਾਂ। ਸਿੱਖ ਸੰਗਤ ਹੋਲੇ ਮਹੱਲੇ ਵਾਲੇ ਦਿਨ ਭਾਰੀ ਇਕੱਠ ਵਿੱਚ ਮਹੱਲਾ ਕੱਢ ਦੇ ਹਨ।

ਹੋਲਾ ਮਹੱਲਾ ਦਾ ਇਤਿਹਾਸ 

ਹੋਲਾ ਮਹੱਲਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਫੱਗਣ ਮਹੀਨੇ ਵਿੱਚ ਸ਼ੁਰੂ ਕੀਤਾ ਗਿਆ। ਬਸੰਤ ਰੁੱਤ ਦੀ ਸ਼ੁਰੂਆਤ ਹੋਣ ਤੇ ਜਿਵੇਂ ਕੁਦਰਤ ਵਿੱਚ ਖੁਸ਼ੀਆਂ ਦੀ ਲਹਿਰ ਆਉਂਦੀ ਹੈ ਓਸੇ ਤਰ੍ਹਾਂ ਗੁਰੂ ਜੀ ਨੇ ਆਪਣੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਲਿਆਉਣ ਲਈ ਓਹਨਾਂ ਨੂੰ ਹੋਲਾ ਖੇਡਣ ਲਈ ਸੱਦੇ ਭਿਜਵਾ ਦਿੱਤੇ। ਗੁਰੂ ਜੀ ਨੇ ਆਪਣੇ ਖਜਾਨਚੀ ਨੂੰ ਕਿਹਾ ਫੱਗਣ ਰੁੱਤ ਦੀ ਹੋਲੀ ਦੀ ਤਿਆਰੀ ਕਰੋ। ਗੁਰੂ ਜੀ ਨੇ ਲਾਲ ਗੁਲਾਲ, ਕੇਸਰ ਅੰਬੀਰ, ਚੰਦਨ ਵਰਗੇ ਸੋਹਣੇ ਸੋਹਣੇ ਸੁੰਗੰਧਾਂ ਵਾਲੇ ਰੰਗ ਲਿਆਉਣ ਦਾ ਹੁਕਮ ਦਿੱਤਾ। ਗੁਰੂ ਜੀ ਨੇ ਉਹ ਰੰਗ ਮਗਵਾਏ ਜੋ ਫੁੱਲਾਂ ਤੋਂ ਬਣਾਏ ਗਏ ਅਤੇ ਓਹਨਾਂ ਵਿੱਚ ਸੁਗੰਧੀ ਵਾਲੀਆਂ ਚੀਜਾਂ ਮਿਲਾਈਆਂ ਗਈਆਂ ਹੋਣ। 

ਸਿੱਖ ਬਹੁਤ ਖੁਸ਼ ਸਨ ਕਿ ਗੁਰੂ ਜੀ ਨੇ ਆਪ ਸਾਨੂੰ ਸਭ ਨੂੰ ਇਕੱਠੇ ਹੋਣ ਲਈ ਕਿਹਾ ਤੇ ਹੋਲਾ ਖੇਡਣ ਨੂੰ ਕਿਹਾ ਹੈ। ਸੰਗਤਾਂ ਵਿੱਚ ਬਹੁਤ ਉਤਸ਼ਾਹ ਤੇ ਪ੍ਰੇਮ ਭਾਵਨਾ ਭਰ ਗਈ। ਅਲੱਗ ਅਲੱਗ ਪ੍ਰਕਾਰ ਦੇ ਭੋਜਨ ਬਣੇ। ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਬਹੁਤ ਆਨੰਦ ਆ ਰਿਹਾ ਸੀ। ਦੂਰੋਂ ਦੂਰੋਂ ਸੰਗਤ ਜਥਿਆਂ ਦੇ ਵਿੱਚ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੇ ਓਹਨਾਂ ਨਾਲ ਹੋਲਾ ਖੇਡਣ ਪਹੁੰਚੀ। ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸ੍ਰੀ ਅਨੰਦਪੁਰ ਸਾਹਿਬ ਇਕੱਠੇ ਹੋਏ ਜੋ ਬੜੇ ਹੀ ਭਾਗਾਂ ਵਾਲੇ ਸਨ। ਇਸ ਮੌਕੇ ਸੰਗਤ ਰਬਾਬਾਂ ਵਜਾ ਕੇ, ਪਖਾਵਜ ਵਜਾ ਕੇ, ਮ੍ਰਿਦੰਗ ਵਜਾ ਕੇ ਖੁਸ਼ੀ ਮਨਾਉਂਦੇ। ਕਈਆਂ ਥਾਵਾਂ ਤੇ ਸੰਖ ਵੱਜਦੇ, ਨਰਸਿੰਘੇ ਵੱਜਦੇ, ਘੜਿਆਲ, ਤੁਰੀਆਂ ਸ਼ਹਿਨਾਈਆਂ ਵੱਜਦੀਆਂ, ਰਾਗੀ ਕੀਰਤਨ ਕਰਦੇ, ਉੱਚੇ ਉੱਚੇ ਨਿਸ਼ਾਨ ਝੂਲਦੇ। ਨਗਾਰੇ ਦੀਆਂ ਚੋਟਾਂ ਲਾ ਕੇ ਸਿੱਖ ਆਪਣੇ ਗੁਰੂ ਨੂੰ ਪ੍ਰਸੰਨ ਕਰਦੇ। ਇੰਝ ਲਗਦਾ ਜਿਵੇਂ ਆਨੰਦਪੁਰ ਸਾਹਿਬ ਦੀ ਹਰ ਗਲੀ ਵਿੱਚ ਹਰ ਘਰ ਵਿੱਚ ਅਨੰਦ ਆ ਰਿਹਾ ਹੋਵੇ। ਜਿਸ ਨੂੰ ਬਿਆਨ ਕਰਦੇ ਇੱਕ ਕਵੀ ਨੇ ਲਿਖਿਆ ਹੈ:-
'ਅਨੰਦ ਦਾ ਵਾਜਾ ਨਿੱਤ ਵੱਜਦਾ ਅਨੰਦਪੁਰ, 
ਸੁਣ ਸੁਣ ਸੁੱਧ ਭੁੱਲਦੀ ਏ ਨਰ ਨਾਰ ਦੀ'

ਜਸ਼ਨ ਮਨਾਉਣਾ

ਸੰਗਤਾਂ ਨੇ ਹੱਥਾਂ ਵਿੱਚ ਸੁਗੰਧੀ ਵਾਲੇ ਰੰਗ ਫੜ੍ਹ ਲਏ, ਪਾਣੀ ਵਿੱਚ ਰੰਗ ਘੋਲ ਕੇ ਪਿਚਕਾਰੀਆਂ ਭਰ ਲਈਆਂ। ਪੰਜ ਪਿਆਰਿਆਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਸਕਾਰ ਕੀਤੀ। 

ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦਯਾ ਸਿੰਘ ਜੀ ਦੇ ਰੰਗ ਲਗਾਇਆ, ਬਾਬਾ ਜੀ ਨੇ ਗੁਰੂ ਸਾਹਿਬ ਦੇ ਰੰਗ ਲਗਾਇਆ, ਬਾਕੀ ਸੰਗਤਾਂ ਵੀ ਇੱਕ ਦੂਜੇ ਉੱਪਰ ਪਿਆਰ ਤੇ ਖੁਸ਼ੀ ਨਾਲ ਰੰਗ ਪਾਉਂਦੀਆਂ। ਸਾਰੇ ਆਪਣੇ ਆਪਣੇ ਸੱਜਣਾ ਮਿੱਤਰਾਂ ਨੂੰ ਲੱਭ ਕੇ ਓਹਨਾਂ ਉੱਪਰ ਰੰਗ ਪਾਉਂਦੇ। ਜਿਸਦੇ ਉੱਪਰ ਰੰਗ ਪੈਂਦਾ ਉਸਦੇ ਕੱਪੜਿਆਂ ਵਿੱਚੋਂ ਬੜੀ ਸੋਹਣੀ ਮਹਿਕ ਆਉਂਦੀ। ਕੱਪੜੇ ਵੀ ਬੜੇ ਸੋਹਣੇ ਲਗਦੇ। ਚਾਰ ਚੁਫ਼ੇਰਾ ਰੰਗ ਬਿਰੰਗਾ ਹੋ ਗਿਆ। 

ਜਦੋਂ ਗੁਰੂ ਗੋਬਿੰਦ ਸਿੰਘ ਜੀ ਕੋਲ ਭਾਈ ਨੰਦ ਲਾਲ ਜੀ ਆਏ ਤਾਂ ਭਾਈ ਨੰਦ ਲਾਲ ਜੀ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਗੁਰੂ ਸਾਹਿਬ ਜੀ ਕੋਲ ਸਰਬ ਲੋਹ ਦੇ ਬਾਟੇ ਵਿੱਚ ਗੁਲਾਲ ਪਿਆ ਹੋਇਆ ਸੀ, ਜਿਵੇਂ ਹੀ ਭਾਈ ਨੰਦ ਲਾਲ ਜੀ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਮੂੰਹ ਉੱਪਰ ਕੀਤਾ ਤਾਂ ਗੁਰੂ ਜੀ ਨੇ ਮੁੱਠੀ ਵਿੱਚ ਗੁਲਾਲ ਭਰ ਕੇ ਭਾਈ ਨੰਦ ਲਾਲ ਜੀ ਦੇ ਚਿਹਰੇ ਉੱਪਰ ਪਾ ਦਿੱਤਾ। ਭਾਈ ਨੰਦ ਲਾਲ ਜੀ ਅਨੰਦ ਵਿੱਚ ਆ ਗਏ। ਇੰਝ ਲਗਦਾ ਜਿਵੇਂ ਸਾਰਾ ਸੰਸਾਰ ਅਨੰਦ ਵਿੱਚ ਹੋਵੇ। ਭਾਈ ਨੰਦ ਲਾਲ ਜੀ ਨੇ ਖੁਸ਼ੀ ਵਿੱਚ ਆ ਕੇ ਗ਼ਜ਼ਲ ਸੁਣਾਈ। ਗ਼ਜ਼ਲ ਸੁਣ ਕੇ ਗੁਰੂ ਗੋਬਿੰਦ ਜੀ ਬੜੇ ਪ੍ਰਸੰਨ ਹੋਏ। 

ਨਗਰ ਕੀਰਤਨ 

ਹੋਲੇ ਮਹੱਲੇ ਦੇ ਸੰਬੰਧ ਵਿੱਚ ਅੱਜ ਕੱਲ੍ਹ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਹਨ। ਪੰਜ ਪਿਆਰਿਆਂ ਦੀ ਅਗਵਾਈ ਵਿੱਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਨਿਸ਼ਾਨਚੀ ਸਿੰਘਾਂ ਦੀ ਰਹਿਨੁਮਾਈ ਹੇਠ, ਸੰਗਤਾਂ ਦੇ ਸਹਿਯੋਗ ਸਦਕਾ ਇਹ ਨਗਰ ਕੀਰਤਨ ਪੂਰੇ ਸ਼ਹਿਰ ਵਿੱਚੋਂ ਕੱਢਿਆ ਜਾਂਦਾ ਹੈ। 

ਕਥਾ

ਹੋਲੇ ਮਹੱਲੇ ਦੇ ਇਤਿਹਾਸ ਨੂੰ ਮੁੱਖ ਰੱਖਦਿਆਂ ਵੱਖ ਵੱਖ ਪਿੰਡਾਂ ਸ਼ਹਿਰਾਂ ਦੇ ਗੁਰੂਦਵਾਰਿਆਂ ਵਿੱਚ ਕਥਾ ਵਿਚਾਰ ਕੀਤੀ ਜਾਂਦੀ। ਸਿੱਖਾਂ ਨੂੰ ਗੁਰੂ ਸਾਹਿਬ ਦੇ ਚੋਜ ਦੱਸੇ ਜਾਂਦੇ। ਹੋਲੇ ਮਹੱਲੇ ਦਾ ਇਤਿਹਾਸ ਸੁਣਾ ਕੇ ਸੰਗਤਾਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾਂਦਾ। 

ਕੀਰਤਨ

ਕੀਰਤਨ ਦੀਆਂ ਮਧੁਰ ਧੁਨਾਂ ਨਾਲ ਸੰਗਤਾਂ ਵਿੱਚ ਪ੍ਰੇਮ ਭਾਵਨਾ ਪੈਦਾ ਕੀਤੀ ਜਾਂਦੀ। ਰਾਗੀ ਰਾਗਾਂ ਵਿੱਚ ਕੀਰਤਨ ਗਾਉਂਦੇ ਹਨ ਜੋ ਕਿ ਸੰਗਤਾਂ ਇਕਾਗਰਚਿੱਤ ਹੋ ਕੇ ਸੁਣਦੀਆਂ ਹਨ ਤੇ ਆਪਣੇ ਗੁਰੂ ਦੇ ਪਿਆਰ ਵਿੱਚ ਭਿੱਜ ਜਾਂਦੀਆਂ ਹਨ। 

ਅਖੰਡ ਪਾਠ

ਹੋਲੇ ਮਹੱਲੇ ਵਾਲੇ ਦਿਨ ਤੋਂ ਪਹਿਲਾਂ ਅਖੰਡ ਪਾਠ ਸਾਹਿਬ ਰੱਖੇ ਜਾਂਦੇ। ਕਥਾ ਕੀਰਤਨ ਉਪਰੰਤ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ। ਉਪਰੰਤ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ।

ਮਹੱਲਾ

ਮਹੱਲਾ ਇੱਕ ਰੈਲੀ ਦੀ ਤਰ੍ਹਾਂ ਹੁੰਦਾ ਹੈ ਅਖੰਡ ਪਾਠ ਦੇ ਭੋਗ ਪੈਣ ਤੋਂ ਬਾਅਦ ਹੁਕਮਨਾਮਾ ਸੁਣਾ ਕੇ ਸੰਗਤਾਂ ਨੂੰ ਗੁਰੂ ਦਾ ਉਪਦੇਸ਼ ਸੁਣਾਇਆ ਜਾਂਦਾ। ਹੋਲਾ ਮਹੱਲਾ ਵਿੱਚ ਸਿੱਖ ਸੰਗਤਾਂ ਭਾਰੀ ਗਿਣਤੀ ਇੱਕ ਖੁੱਲ੍ਹੀ ਜਗ੍ਹਾ (ਜੋ ਗੁਰੂ ਘਰ ਦੀ ਗਰਾਊਂਡ ਹੋਵੇ ਜਿਸ ਨੂੰ ਛਾਉਣੀ ਵੀ ਕਿਹਾ ਜਾਂਦਾ ਹੈ ਉੱਪਰ) ਲਈ ਰਵਾਨਾ ਹੁੰਦੀਆਂ ਹਨ ਜਿਸ ਨੂੰ ਮਹੱਲਾ ਕੱਢਣਾ ਵੀ ਕਹਿੰਦੇ ਹਨ। ਫ਼ਿਰ ਉਸ ਜਗ੍ਹਾ ਤੇ ਗੁਰੂ ਦੇ ਸਿੰਘ ਗੱਤਕੇ ਦੇ ਜੌਹਰ ਦਿਖਾਉਂਦੇ, ਘੋੜਸਵਾਰੀ ਦੇ ਪ੍ਰਦਸ਼ਰਨ ਕਰਦੇ।

Post a Comment

0Comments

Post a Comment (0)