ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਦੇ ਦਸਵੇਂ ਅਵਤਾਰ ਅਤੇ ਸਿੱਖਾਂ ਦੇ ਦਸਵੇਂ ਗੁਰੂ
ਹੋਏ। ਮਨੁੱਖੀ ਰੂਪ ਵਿੱਚ ਸਿੱਖਾਂ ਦੇ ਦਸ ਗੁਰੂ ਹੋਏ ਜਿਨ੍ਹਾਂ ਵਿੱਚੋਂ ਦਸਵੇਂ ਅਸਥਾਨ ਤੇ ਗੁਰੂ
ਗੋਬਿੰਦ ਜੀ ਨੇ ਅਵਤਾਰ ਧਾਰਿਆ। ਜਿਸ ਤੋਂ ਬਾਅਦ ਗੁਰੂ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਨੂੰ ਸੌਂਪ ਦਿੱਤੀ ਗਈ ਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਆਪਣਾ ਗੁਰੂ ਮੰਨਣਾ ਹੈ ਹੋਰ ਕਿਸੇ ਵੀ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ। ਗੁਰੂ ਗੋਬਿੰਦ ਸਿੰਘ
ਜੀ ਬੜੇ ਹੀ ਮਹਾਨ ਯੋਧਾ ਤੇ ਲੇਖਕ ਹੋਏ ਹਨ ਜਿਨ੍ਹਾਂ ਨੇ ਸ੍ਰੀ ਦਸਮ ਗ੍ਰੰਥ ਦੀ ਰਚਨਾ ਕੀਤੀ,
ਭਾਵੇਂ ਅੱਜ ਕੱਲ੍ਹ ਕੁੱਝ ਸਿੱਖਾਂ ਵਲੋਂ ਸ੍ਰੀ ਦਸਮ ਗ੍ਰੰਥ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਪਰ
ਬਹੁਤਾਂਤ ਗਿਣਤੀ ਸਿੱਖ ਸ੍ਰੀ ਦਸਮ ਗ੍ਰੰਥ ਦਾ ਬੜਾ ਹੀ ਸਤਿਕਾਰ ਕਰਦੇ ਹਨ ਤੇ ਮੰਨਦੇ ਹਨ ਕਿ ਦਸਮ
ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਰਚਨਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਨ ਯੋਧਾ ਹੋਣ ਦੇ ਨਾਲ ਨਾਲ ਉੱਚ ਕੋਟੀ ਦੇ ਕਵੀ ਤੇ ਦਾਰਸ਼ਨਿਕ
ਵੀ ਹੋਏ। ਗੁਰੂ ਜੀ ਨੇ 1699 ਈ: ਨੂੰ ਵਿਸਾਖੀ ਵਾਲੇ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ
ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਪੰਜ ਕਕਾਰਾਂ ਨੂੰ ਆਪਣੇ ਕੋਲ ਰੱਖਣ ਦਾ ਹੁਕਮ ਕੀਤਾ ਜੋ
ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਰਚਨਾਵਾਂ
ਵਿੱਚ ਲਿਖਿਆ ਹੈ ਕਿ ਅਕਾਲ ਪੁਰਖ ਨੇ ਆਪ ਮੈਨੂੰ ਖ਼ਾਲਸਾ ਪੰਥ ਸਜਾਉਣ ਦਾ ਹੁਕਮ ਕੀਤਾ ਹੈ।
Table of Contents
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ, ਪਰਿਵਾਰ ਤੇ ਬਚਪਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ: ਨੂੰ ਬਿਹਾਰ ਦੇ ਸ਼ਹਿਰ ਪਟਨਾ ਵਿਖੇ ਗੁਰੂ ਤੇਗ
ਬਹਾਦਰ ਜੀ ਦੇ ਘਰ, ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਜਨਮ ਸਮੇਂ ਉਹਨਾਂ ਦਾ ਨਾਮ ਗੋਬਿੰਦ ਰਾਏ
ਰੱਖਿਆ ਗਿਆ। ਜਿੱਥੇ ਗੋਬਿੰਦ ਰਾਏ ਦਾ ਜਨਮ ਹੋਇਆ ਉੱਥੇ ਅੱਜ ਪਵਿੱਤਰ ਅਸਥਾਨ ਗੁਰਦੁਆਰਾ ਤਖ਼ਤ
ਸ੍ਰੀ ਪਟਨਾ ਸਾਹਿਬ ਬਣਿਆ ਹੋਇਆ ਹੈ। ਜਦੋਂ ਗੋਬਿੰਦ ਰਾਏ ਦਾ ਜਨਮ ਹੋਇਆ ਉਸ ਵੇਲੇ ਸ੍ਰੀ ਗੁਰੂ
ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ।
ਗੋਬਿੰਦ ਰਾਏ ਬਚਪਨ ਤੋਂ ਹੀ ਤੀਖਣ ਬੁੱਧੀ ਦੇ ਮਾਲਕ ਸਨ। ਬਚਪਨ ਵਿੱਚ ਹੀ ਗੋਬਿੰਦ ਰਾਏ ਆਪਣੇ
ਦੋਸਤਾਂ ਨਾਲ ਟੋਲੀਆਂ ਬਣਾ ਕੇ ਲੜਾਈਆਂ ਲੜ੍ਹਨ ਵਾਲੇ ਖੇਡ ਖੇਡਦੇ ਸਨ। ਗੋਬਿੰਦ ਰਾਏ ਜੀ ਦੇ ਮਾਤਾ ਪਿਤਾ ਜੀ ਨੇ ਉਹਨਾਂ ਨੂੰ ਗੁਰਮੁਖੀ ਵਿੱਦਿਆ ਦੇ ਨਾਲ ਨਾਲ ਸ਼ਸ਼ਤਰ ਵਿੱਦਿਆ ਵੀ ਸਿਖਾਈ। ਗੋਬਿੰਦ ਰਾਏ ਜੀ ਨੇ ਫ਼ਾਰਸੀ ਭਾਸ਼ਾ ਕਾਜ਼ੀ ਪੀਰ ਮੁਹੰਮਦ ਕੋਲੋਂ ਸਿੱਖੀ, ਪੰਡਿਤ ਹਰਜਸ ਨੇ ਗੁਰੂ ਜੀ ਨੂੰ ਸੰਸਕ੍ਰਿਤ ਵਿੱਦਿਆ ਦਿੱਤੀ ਤੇ ਗੁਰਮੁਖੀ ਲਿਪੀ ਗੁਰੂ ਜੀ ਨੇ ਭਾਈ ਮਤੀ ਦਾਸ ਅਤੇ ਭਾਈ ਸਾਹਿਬ ਚੰਦ ਜੀ ਕੋਲੋਂ ਪ੍ਰਾਪਤ ਕੀਤੀ। ਗੋਬਿੰਦ ਰਾਏ ਜੀ ਨੇ ਗੁਰਬਾਣੀ ਦੀ ਰਚਨਾ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਭਾਸ਼ਾ ਵਿੱਚ ਕੀਤੀ।
ਗੋਬਿੰਦ ਰਾਏ ਜੀ ਨੂੰ ਘੋੜ ਸਵਾਰੀ ਤੇ ਸ਼ਸ਼ਤਰ ਵਿੱਦਿਆ ਦੇਣ ਲਈ ਗੁਰੂ ਤੇਗ ਬਹਾਦਰ ਜੀ ਨੇ ਭਾਈ ਬਜਰ ਸਿੰਘ ਨੂੰ ਕਿਹਾ। ਭਾਈ ਬਜਰ ਜੀ ਨੇ ਗੁਰੂ ਜੀ ਨੂੰ ਤਲਵਾਰਬਾਜੀ, ਤੀਰਅੰਦਾਜ਼ੀ ਅਤੇ ਘੋੜ ਸਵਾਰੀ ਸਿਖਾਈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਜੀਵਨ
ਤਕਰੀਬਨ 1670 ਈ: ਵਿੱਚ ਗੁਰੂ ਸਾਹਿਬ ਜੀ ਪਟਨਾ ਛੱਡ ਕੇ ਪੰਜਾਬ ਆ ਗਏ। 1672 ਈ: ਨੂੰ ਗੁਰੂ ਜੀ ਨੇ ਚੱਕ ਨਾਨਕੀ ਵਸਾਇਆ ਜੋ ਹੁਣ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਚਲਿਤ ਹੈ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ, ਸੰਸਕ੍ਰਿਤ, ਫ਼ਾਰਸੀ ਤੇ ਬ੍ਰਜ ਭਾਸ਼ਾਵਾਂ ਵਰਗੀਆਂ ਕਈ ਭਾਸ਼ਾਵਾਂ ਸਿੱਖਣ ਦੀ ਸ਼ੁਰੂਆਤ ਕੀਤੀ। ਜਦੋਂ ਕੁੱਛ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦੁਰ ਜੀ ਕੋਲ ਆਏ ਤੇ ਆ ਕੇ ਫਰਿਆਦ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿਸੇ ਮਹਾਨ ਪੁਰਸ਼ ਦੀ ਕੁਰਬਾਨੀ ਦੀ ਲੋੜ ਹੈ। ਜਦੋਂ ਗੋਬਿੰਦ ਰਾਇ ਨੇ ਇਹ ਗੱਲ ਸੁਣੀ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ, ਪਿਤਾ ਜੀ ਇਸ ਵੇਲੇ ਤੁਹਾਡੇ ਤੋਂ ਵੱਡਾ ਮਹਾਨ ਪੁਰਸ਼ ਕੋਈ ਨਜ਼ਰ ਨਹੀਂ ਆਉਂਦਾ ਜਿਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਆਪ ਸ਼ਹੀਦੀ ਦੇਣ ਦਾ ਫੈਂਸਲਾ ਕੀਤਾ ਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਨਾਲ ਲੈ ਕੇ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹਾਦਤ ਪ੍ਰਾਪਤ ਕੀਤੀ।
ਸ਼ਹਾਦਤ ਪ੍ਰਾਪਤ ਕਰਨ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਗੁਰਗੱਦੀ ਦੀ ਰਸਮ ਕਰਦਿਆਂ ਗੁਰਗੱਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਦਿੱਤੀ ਤੇ ਗੁਰੂ ਜੀ ਸਿੱਖਾਂ ਦੇ ਦਸਵੇਂ ਗੁਰੂ ਬਣ ਗਏ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਉਮਰ 9 ਕੁ ਸਾਲ ਦੀ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਹੀ ਮਹਾਨ ਕਵੀ ਹੋਏ। ਗੁਰੂ ਜੀ ਨੇ ਜਾਪ ਸਾਹਿਬ, ਚੌਪਈ ਸਾਹਿਬ, ਤ੍ਵ ਪ੍ਰਸਾਦਿ ਸ੍ਵਯੇ, ਅਕਾਲ ਉਸਤਤਿ, ਚੰਡੀ ਦੀ ਵਾਰ ਤੇ ਹੋਰ ਵੀ ਬਹੁਤ ਬਾਣੀਆ ਦੀ ਰਚਨਾ ਕੀਤੀ ਜੋ ਕਿ ਦਸਮ ਗ੍ਰੰਥ ਵਿੱਚ ਦਰਜ ਹਨ। ਇਹਨਾਂ ਬਾਣੀਆਂ ਵਿੱਚ ਗੁਰੂ ਜੀ ਨੇ ਅਕਾਲ ਪੁਰਖ ਦੀ ਸਿਫ਼ਤ ਕੀਤੀ ਤੇ ਉਹਨਾਂ ਪ੍ਰਤੀ ਪ੍ਰੇਮ ਰੱਖਣ ਦੀ ਪ੍ਰੇਰਨਾ ਦਿੱਤੀ।
ਵਿਆਹ
ਜਿਨ੍ਹਾਂ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਨੂੰ ਭਾਗ ਲਾ ਰਹੇ ਸਨ ਉਹਨਾਂ ਦਿਨਾਂ ਕਾਫ਼ੀ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆ ਰਹੇ ਸਨ ਤੇ ਉਸ ਸਮੇਂ ਲਾਹੌਰ ਦੇ ਰਹਿਣ ਵਾਲੇ ਭਾਈ ਹਰਜਸ ਸੁਭਿੱਖੀ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਏ ਹੋਏ ਸਨ। ਉਹਨਾਂ ਦੀ ਸਪੁੱਤਰੀ ਦਾ ਨਾਮ ਜੀਤਾਂ ਸੀ। 12 ਮਈ 1673 ਈ: ਨੂੰ ਬੀਬੀ ਜੀਤਾਂ ਦੀ ਮੰਗਣੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋ ਗਈ। 1677 ਈ: ਨੂੰ ਬਸੰਤਗੜ੍ਹ ਵਿਖੇ ਗੁਰੂ ਜੀ ਦਾ ਵਿਆਹ ਮਾਤਾ ਜੀਤਾਂ ਜੀ ਨਾਲ ਹੋਇਆ। ਜਿਨ੍ਹਾਂ ਤੋਂ ਓਹਨਾਂ ਦੇ ਤਿੰਨ ਪੁੱਤਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਹੋਏ।
1684 ਈ: ਨੂੰ ਗੁਰੂ ਜੀ ਦਾ ਵਿਆਹ ਮਾਤਾ ਸੁੰਦਰੀ ਜੀ ਨਾਲ ਹੋਇਆ, ਜਿਨ੍ਹਾਂ ਤੋਂ ਇੱਕ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਹੋਏ।
1700 ਈ: ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਮਾਤਾ ਸਾਹਿਬ ਦੇਵਾਂ ਜੀ ਨਾਲ ਹੋਇਆ। ਮਾਤਾ ਸਾਹਿਬ ਦੇਵਾਂ ਜੀ ਦੀ ਕੁੱਖੋਂ ਕਿਸੇ ਧੀ ਪੁੱਤਰ ਨੇ ਜਨਮ ਤਾਂ ਨਹੀਂ ਲਿਆ ਪਰ ਗੁਰੂ ਜੀ ਵੱਲੋਂ ਮਾਤਾ ਸਾਹਿਬ ਦੇਵਾਂ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਦਰਜਾ ਦਿੱਤਾ ਗਿਆ।
ਪੰਥ ਸਜਾਉਣ ਦੇ ਬਚਨ
ਇੱਕ ਵਾਰ ਬਚਪਨ ਵਿੱਚ ਗੋਬਿੰਦ ਰਾਏ ਜੀ ਆਪਣੇ ਹਾਣ ਦੇ ਬੱਚਿਆਂ ਨਾਲ ਖੇਡ ਰਹੇ ਸਨ। ਇੱਕ ਨਦੀ ਕਿਨਾਰੇ ਬੱਚੇ ਇੱਕ ਇੱਕ ਕਰਕੇ ਛੋਟੇ ਛੋਟੇ ਪੱਥਰ ਚੁੱਕਦੇ ਤੇ ਨਦੀ ਵਿੱਚ ਸੁੱਟ ਦਿੰਦੇ। ਗੁਰੂ ਜੀ ਨੇ ਆਪਣੇ ਹੱਥ ਵਿਚੋਂ ਸੋਨੇ ਦਾ ਕੜਾ ਲਾਹਿਆ ਤੇ ਨਦੀ ਵਿੱਚ ਸੁੱਟ ਦਿੱਤਾ। ਕੋਲ ਕੁੱਝ ਹੋਰ ਲੋਕ ਵੀ ਸਨ ਜਿਨ੍ਹਾਂ ਨੇ ਜਾ ਕੇ ਮਾਤਾ ਗੁਜਰੀ ਜੀ ਨੂੰ ਦਸਿਆ ਕਿ ਤੁਹਾਡੇ ਲਾਲ ਨੇ ਸੋਨੇ ਦਾ ਕੜਾ ਪਾਣੀ ਵਿੱਚ ਸੁੱਟ ਦਿੱਤਾ ਹੈ। ਮਾਤਾ ਗੁਜਰੀ ਜੀ ਓਸੇ ਵੇਲੇ ਓਥੇ ਪਹੁੰਚੇ ਤੇ ਗੁਰੂ ਜੀ ਨੂੰ ਕਿਹਾ ਪੁੱਤਰ ਦਸ ਕੜਾ ਕਿੱਥੇ ਕੁ ਸੁਟਿਆ ਹੈ ਤਾਂ ਜੋ ਅਸੀਂ ਉਹ ਜਗ੍ਹਾ ਦਸ ਕੇ ਕਿਸੇ ਤੈਰਾਕ ਕੋਲੋਂ ਉਹ ਕੜਾ ਕਿਸੇ ਕੱਢਵਾ ਸਕੀਏ। ਗੋਬਿੰਦ ਰਾਏ ਨੇ ਆਪਣੇ ਦੂਜੇ ਹੱਥ ਵਿੱਚੋਂ ਦੂਜਾ ਸੋਨੇ ਦੇ ਲਾਹਿਆ ਤੇ ਪਾਣੀ ਵਿੱਚ ਸੁੱਟ ਕੇ ਕਿਹਾ ਮਾਂ ਉਹ ਕੜਾ ਮੈਂ ਏਥੇ ਕੁ ਸੁੱਟਿਆ ਹੈ।
ਮਾਤਾ ਗੁਜਰੀ ਜੀ ਨੇ ਗੋਬਿੰਦ ਰਾਏ ਨੂੰ ਕਿਹਾ ਪੁੱਤਰ ਤੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪੋਤਰਾ ਹੈ, ਤੂੰ ਗੁਰੂ ਅਰਜਨ ਪਾਤਸ਼ਾਹ ਜੀ ਦਾ ਪੜਪੋਤਰਾ ਹੈ। ਇਹ ਤਾਂ ਨਹੀਂ ਹੋ ਸਕਦਾ ਕਿ ਤੈਨੂੰ ਸਮਝ ਨਾ ਹੋਵੇ। ਦਸ ਤੂੰ ਇਹ ਸੋਨੇ ਦੇ ਕੜੇ ਪਾਣੀ ਵਿੱਚ ਕਿਉਂ ਸੁੱਤੇ ਹਨ?
ਗੋਬਿੰਦ ਰਾਏ ਜੀ ਨੇ ਕਿਹਾ ਮਾਂ ਇਹ ਕੜਾ ਕਿਸੇ ਮੁੱਲ ਦਾ ਨਹੀਂ। ਇਸ ਨੂੰ ਕੋਈ ਪੈਸੇ ਦੇ ਕੇ ਕੋਈ ਵੀ ਖਰੀਦ ਸਕਦਾ ਹੈ। ਮੈਂ ਸਿੱਖਾਂ ਨੂੰ ਐਸਾ ਲੋਹੇ ਦਾ ਕੜਾ ਪਹਿਨਾਵਾਂਗਾ ਜੋ ਇਸ ਸੋਨੇ ਦੇ ਕੜੇ ਤੋਂ ਵੀ ਬੇਸ਼ਕੀਮਤੀ ਹੋਵੇਗਾ।
ਮਾਂ ਨੇ ਹੈਰਾਨ ਹੋ ਕੇ ਪੁੱਛਿਆ, ਪੁੱਤਰ ਲੋਹੇ ਦਾ ਕੜਾ ਸੋਨੇ ਦੇ ਕੜੇ ਤੋਂ ਮਹਿੰਗਾ ਕਿਵੇਂ ਹੋ ਸਕਦਾ ਹੈ
ਗੋਬਿੰਦ ਰਾਏ ਜੀ ਨੇ ਕਿਹਾ, ਮੈਂ ਆਪਣੇ ਸਿੱਖਾਂ ਨੂੰ ਐਸਾ ਲੋਹੇ ਦਾ ਕੜਾ ਪਹਨਾਵਾਂਗਾ ਜੋ ਪੈਸੇ ਦੇ ਕੇ ਨਹੀਂ, ਕੌਮ ਲਈ ਸਿਰ ਦੇ ਕੇ ਪਹਿਨਿਆ ਗਿਆ ਹੋਵੇ। ਇਸ ਤੋਂ ਉੱਪਰ ਹੋਰ ਕੋਈ ਵੀ ਕੜਾ ਨਹੀਂ ਹੋਵੇਗਾ। ਇਹ ਕੜਾ ਬੜਾ ਅਣਮੁੱਲਾ ਹੋਵੇਗਾ।
ਖਾਲਸਾ ਪੰਥ ਦੀ ਸਾਜਨਾ
1699 ਈ: ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਬੜਾ ਹੀ ਵੱਡਾ ਇਕੱਠ ਕੀਤਾ, ਦੂਰੋਂ - ਦੂਰੋਂ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਪਹੁੰਚੀ। ਗੁਰੂ ਜੀ ਨੇ ਇੱਕ ਤੰਬੂ ਬਣਵਾਇਆ। ਜਦੋਂ ਇਕੱਠ ਬਹੁਤ ਵੱਡਾ ਹੋ ਗਿਆ ਤਾਂ ਗੁਰੂ ਜੀ ਤੰਬੂ ਵਿੱਚੋਂ ਬਾਹਰ ਆਏ ਤੇ ਕਹਿੰਦੇ ਮੇਰੀ ਤਲਵਾਰ ਖ਼ੂਨ ਦੀ ਪਿਆਸੀ ਹੈ, ਮੈਨੂੰ ਇਕ ਸੀਸ ਚਾਹੀਦਾ ਹੈ, ਕੋਈ ਹੈ ਜੋ ਆਪਣਾ ਸੀਸ ਭੇਂਟ ਕਰ ਸਕੇ। ਸਾਰੇ ਇਕੱਠ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਹੋ ਗਈ। ਲੋਕ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਿ ਗੁਰੂ ਜੀ ਨੂੰ ਕੀ ਹੋ ਗਿਆ। ਕੁੱਝ ਲੋਕ ਤਾਂ ਇਕੱਠ ਛੱਡ ਕੇ ਭੱਜ ਗਏ। ਫਿਰ ਇੱਕ ਸਿੱਖ ਆਪਣਾ ਸੀਸ ਭੇਂਟ ਕਰਨ ਲਈ ਉੱਠਿਆ। ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ। ਤੰਬੂ ਵਿਚੋਂ ਖ਼ੂਨ ਦੀ ਧਾਰ ਬਾਹਰ ਨਿਕਲੀ। ਫਿਰ ਦੁਬਾਰਾ ਗੁਰੂ ਗੋਬਿੰਦ ਸਿੰਘ ਜੀ ਤੰਬੂ ਵਿੱਚੋਂ ਬਾਹਰ ਆਏ ਤੇ ਇੱਕ ਹੋਰ ਸੀਸ ਦੀ ਮੰਗ ਕੀਤੀ, ਇੱਕ ਹੋਰ ਸਿੱਖ ਉੱਠਿਆ ਉਸ ਨੂੰ ਵੀ ਤੰਬੂ ਵਿੱਚ ਲੈ ਗਏ ਤੇ ਓਸੇ ਤਰ੍ਹਾਂ ਖ਼ੂਨ ਦੀ ਧਾਰ ਬਾਹਰ ਆਈ। ਇਸ ਤਰ੍ਹਾਂ ਗੁਰੂ ਜੀ ਨੇ ਇੱਕ ਇੱਕ ਕਰਕੇ ਪੰਜ ਸੀਸਾਂ ਦੀ ਮੰਗ ਕੀਤੀ ਤੇ ਇੱਕ ਇੱਕ ਕਰਕੇ ਪੰਜ ਸਿੱਖ ਸੀਸ ਭੇਂਟ ਕਰਨ ਲਈ ਉੱਠੇ। ਜਿਸ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਇਕੋ ਬਾਟੇ ਵਿੱਚ ਤਿਆਰ ਕੀਤਾ ਹੋਇਆ ਅੰਮ੍ਰਿਤ ਗੁਰੂ ਜੀ ਨੇ ਊਚ ਨੀਚ, ਜਾਤ ਪਾਤ, ਅਮੀਰ ਗਰੀਬ ਦਾ ਫ਼ਰਕ ਖ਼ਤਮ ਕਰ ਦਿੱਤਾ। ਪਹਿਲਾਂ ਗੁਰੂ ਜੀ ਨੇ ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਫਿਰ ਆਪ ਓਹਨਾਂ ਕੋਲੋਂ ਅੰਮ੍ਰਿਤ ਛਕਿਆ। ਗੁਰੂ ਜੀ ਨੇ ਅੰਮ੍ਰਿਤ ਛਕਣ ਵਾਲੇ ਹਰ ਬੰਦੇ ਨੂੰ ਆਪਣੇ ਨਾਮ ਪਿੱਛੇ ਸਿੰਘ ਤੇ ਔਰਤ ਨੂੰ ਨਾਮ ਪਿੱਛੇ ਕੌਰ ਲਾਉਣ ਦਾ ਹੁਕਮ ਕੀਤਾ।
ਗੁਰੂ ਜੀ ਦਾ ਜੋਤੀ ਜੋਤਿ ਸਮਾਉਣਾ
1708 ਈ: ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਪੁਰਾਣਾ ਜਖ਼ਮ ਜਿਸ ਤੇ ਟਾਂਕੇ ਲੱਗੇ ਹੋਏ ਸੀ ਉਹ ਖੁੱਲ ਗਿਆ ਜਿਸ ਨਾਲ ਗੁਰੂ ਜੀ ਦੇ ਪੇਟ ਲਾਗੋ ਵੱਖੀ ਵਿਚੋਂ ਖੂਨ ਵਹਿਣ ਲੱਗ ਗਿਆ। ਜਦੋਂ ਸਿੰਘ ਕਿਸੇ ਵੈਦ ਨੂੰ ਬੁਲਾਉਣ ਲਈ ਚੱਲੇ ਹੀ ਸੀ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਰੋਕ ਲਿਆ ਤੇ ਸਾਰੇ ਸਿੰਘਾਂ ਨੂੰ ਇਕੱਠੇ ਹੋਣ ਲਈ ਕਿਹਾ। ਸਾਰੇ ਸਿੰਘ ਇਕੱਠੇ ਹੋਣ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿਸੇ ਵੈਦ ਹਕੀਮ ਦੀ ਲੋੜ ਨਹੀਂ ਹੈ, ਹੁਣ ਸਾਡਾ ਜਾਣ ਦਾ ਸਮਾਂ ਆ ਗਿਆ ਹੈ।
ਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਕਿਸੇ ਵੀ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ। ਅੱਜ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਸਿੱਖਾਂ ਦੇ ਹਾਜ਼ਰ ਨਾਜ਼ਰ ਗੁਰੂ ਹਨ।
ਗੁਰੂ ਜੀ ਨੇ ਸਿੰਘਾਂ ਨੂੰ ਚੰਦਨ ਦੀਆਂ ਲੱਕੜਾਂ ਇਕਠੀਆ ਕਰਨ ਲਈ ਕਿਹਾ ਤੇ ਇਕ ਚਿਖਾ ਤਿਆਰ ਕਰਨ ਲਈ ਕਿਹਾ ਤੇ ਸਿੰਘਾਂ ਨੂੰ ਹੁਕਮ ਕੀਤਾ ਕਿ ਕੋਈ ਵੀ ਚਿਖਾ ਨੂੰ ਫਰੋਲੇਗਾ ਨਹੀਂ ਪਰ ਸਿੰਘਾਂ ਤੋਂ ਰਿਹਾ ਨਾ ਗਿਆ। ਸਿੰਘਾਂ ਨੇ ਚਿਖਾ ਨੂੰ ਫਰੋਲਿਆ ਤਾਂ ਵਿਚੋਂ ਬਸ ਇੱਕ ਛੋਟੀ ਕਿਰਪਾਨ ਨਿਕਲੀ।
1708 ਈ: ਨੂੰ ਗੁਰੂ ਜੀ ਜੋਤੀ ਜੋਤਿ ਸਮਾ ਗਏ।