ਭਗਤ ਸਿੰਘ, ਰਾਜਗੁਰੂ, ਸੁਖਦੇਵ
ਭਗਤ ਸਿੰਘ, ਰਾਜਗੁਰੂ, ਸੁਖਦੇਵ ਸਾਡੇ ਦੇਸ਼ ਦੇ ਐਸੇ ਮਹਾਨ ਕ੍ਰਾਂਤੀਕਾਰੀ ਸਨ ਜਿੰਨ੍ਹਾਂ ਨੇ
ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਲੋਕਾਂ ਨੂੰ ਅਜ਼ਾਦੀ ਦਵਾਉਣ ਲਈ ਅੰਗਰੇਜ਼ੀ ਹਕੂਮਤ ਨਾਲ
ਟੱਕਰ ਲਈ ਅਤੇ ਹੱਸ ਹੱਸ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਅਜ਼ਾਦੀ ਦੀ ਲਹਿਰ ਵਿੱਚ ਇਹਨਾਂ ਤਿੰਨਾਂ ਦਾ ਬਹੁਤ ਯੋਗਦਾਨ ਰਿਹਾ ਹੈ। ਅੰਗਰੇਜ਼ਾਂ ਦੇ ਤਸ਼ੱਦਦ
ਤੋਂ ਤੰਗ ਆ ਕੇ ਇਹਨਾਂ ਨੇ ਅੰਗਰੇਜ਼ ਹਕੂਮਤ ਖ਼ਿਲਾਫ਼ ਆਵਾਜ਼ ਚੁੱਕੀ ਅਤੇ ਆਖ਼ਿਰੀ ਦਮ ਤੱਕ
ਹਕੂਮਤ ਦਾ ਵਿਰੋਧ ਕਰਦੇ ਰਹੇ। ਸ਼ਹੀਦ-ਏ-ਆਜ਼ਮ ਭਗਤ ਸਿੰਘ ਭਾਵੇਂ ਹਿੰਸਾ ਦੇ ਖ਼ਿਲਾਫ਼ ਸੀ ਤੇ
ਵਿਚਾਰਧਾਰਾ ਨੂੰ ਮਹੱਤਵ ਦੇਣ ਵਾਲਾ ਸੀ ਪਰ ਅੰਗਰੇਜ਼ ਸਰਕਾਰ ਨੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ
ਨਕਾਰ ਦਿੱਤਾ ਤੇ ਓਹਨਾਂ ਨੂੰ ਹਿੰਸਾਵਾਦੀ ਦੱਸ ਕੇ ਫਾਂਸੀ ਦੀ ਸਜਾ ਸੁਣਾ ਦਿੱਤੀ।
ਰਾਜਗੁਰੂ ਵੀ ਇੱਕ ਇਨਕਲਾਬੀ ਯੋਧਾ ਸੀ ਜਿਸਦਾ ਜਨਮ ਮਹਾਰਸ਼ਟਰ ਦੇ ਇੱਕ ਸ਼ਹਿਰ ਪੂਨੇ ਵਿਚ ਹੋਇਆ।
ਰਾਜਗੁਰੂ ਵੀ ਬਚਪਨ ਤੋਂ ਹੀ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਸੀ।
ਸੁਖਦੇਵ ਵੀ ਇਹਨਾਂ ਮਹਾਨ ਯੋਧਿਆਂ ਵਿੱਚੋਂ ਇੱਕ ਸੀ ਅਤੇ ਓਹਨਾਂ ਵੀ ਅਜ਼ਾਦੀ ਦੀ ਲੜ੍ਹਾਈ ਵਿੱਚ
ਹਿੱਸਾ ਲਿਆ। ਸੁਖਦੇਵ ਪਹਿਲਾਂ ਤੋਂ ਹੀ ਭਗਤ ਸਿੰਘ ਦੇ ਚੰਗੇ ਮਿੱਤਰ ਸਨ। ਉਹਨਾਂ ਵੀ
ਕ੍ਰਾਂਤੀਕਾਰੀ ਸਰਗਰਮੀਆਂ ਵਿੱਚ ਹਿੱਸਾ ਲਿਆ।
ਇਹਨਾਂ ਤਿੰਨਾਂ ਨੂੰ ਅੰਗਰੇਜ਼ੀ ਹਕੂਮਤ ਨੇ ਗਿਰਫ਼ਤਾਰ ਕਰ ਲਿਆ ਤੇ ਓਹਨਾਂ ਤਿੰਨਾਂ ਨੂੰ 24 ਮਾਰਚ
1931 ਨੂੰ ਸਵੇਰੇ 6 ਵਜੇ ਫਾਂਸੀ ਤੇ ਲਟਕਾਉਣ ਦਾ ਹੁਕਮ ਸੁਣਾ ਦਿੱਤਾ।
Table of Contents
23 ਮਾਰਚ 1931 ਦਾ ਦਿਨ
23 ਮਾਰਚ 1931 ਸਵੇਰ ਦਾ ਟਾਈਮ ਸੀ, ਤਕਰੀਬਨ 4 ਕੁ ਵਜੇ ਵਾਰਡਨ ਚਰਨ ਆਇਆ ਤੇ ਕਹਿੰਦਾ, ਆਪਣੀਆਂ
ਆਪਣੀਆਂ ਕੋਠੜੀਆਂ ਵਿੱਚ ਚਲੇ ਜਾਓ। ਉਸਨੇ ਕਿਹਾ ਕਿ ਇਹ ਹੁਕਮ ਉੱਪਰੋਂ ਆਇਆ ਹੈ।
ਸਾਰੇ ਕੈਦੀ ਹੈਰਾਨ ਸਨ ਕਿ ਅੱਜ ਕੀ ਹੋ ਸਕਦਾ ਹੈ ਜੋ ਸਵੇਰੇ ਸਵੇਰੇ ਇਹ ਹੁਕਮ ਸੁਣਾ ਦਿੱਤਾ ਗਿਆ।
ਹਜੇ ਕੈਦੀ ਇਹ ਸਭ ਸੋਚ ਹੀ ਰਹੇ ਸਨ ਕਿ ਜੇਲ੍ਹ ਦਾ ਨਾਈ ਬਰਕਤ ਓਥੋਂ ਲੰਘਦਾ ਹੋਇਆ ਕਹੀ ਜਾਵੇ,
'ਅੱਜ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਫਾਂਸੀ ਦੇ ਦਿੱਤੀ ਜਾਵੇਗੀ।'
ਇਹ ਸੁਣ ਕੇ ਬਾਕੀ ਕੈਦੀਆਂ ਵਿੱਚ ਚੁੱਪ ਜਿਹੀ ਛਾ ਗਈ। ਕੁੱਝ ਕੈਦੀ ਨਾਈ ਬਰਕਤ ਨੂੰ ਕਹਿਣ ਲੱਗੇ
ਕਿ ਭਗਤ ਸਿੰਘ ਹੋਰਾਂ ਦੀ ਕੋਈ ਚੀਜ਼ ਜਿਵੇਂ ਭਗਤ ਸਿੰਘ ਦੀ ਘੜੀ, ਕੰਘਾ, ਪੈਨ ਵਰਗਾ ਕੁੱਝ ਓਹਨਾਂ
ਨੂੰ ਲਿਆ ਕੇ ਦੇ ਦੇਣ ਤਾਂ ਜੋ ਅਸੀਂ ਆਪਣੇ ਪੋਤੇ ਪੋਤੀਆਂ ਨੂੰ ਦਸ ਸਕੀਏ ਕਿ ਓਹਨਾਂ ਭਗਤ ਸਿੰਘ
ਹੋਰਾਂ ਨਾਲ ਜੇਲ੍ਹ ਕੱਟੀ ਹੈ।
ਕੈਦੀਆਂ ਨੂੰ ਇੰਤਜ਼ਾਰ
ਸਾਰੇ ਕੈਦੀਆਂ ਨੂੰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਇੰਤਜ਼ਾਰ ਸੀ ਕਿ ਉਹ ਸਾਡੇ ਕਮਰਿਆਂ
ਅੱਗੋਂ ਲੰਘਣਗੇ ਕਿਉਂਕਿ ਭਗਤ ਸਿੰਘ ਹੋਰਾਂ ਨੂੰ ਫਾਂਸੀ ਤੇ ਲਟਕਾਉਣ ਲਈ ਓਸੇ ਰਸਤੇ ਅੱਗੋਂ ਲੈ ਕੇ
ਜਾਣਾ ਸੀ। ਜਦੋਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਫਾਂਸੀ ਤੇ ਲਟਕਾਉਣ ਲਈ ਲੈ ਕੇ ਜਾ ਰਹੇ ਸੀ
ਤਾਂ ਸਾਰੇ ਕੈਦੀ ਚੁੱਪ ਸਨ, ਓਹਨਾਂ ਦੀਆਂ ਅੱਖਾਂ ਨਮ ਸਨ ਤੇ ਉਹ ਓਹਨਾਂ ਵੱਲ ਵੇਖਦੇ ਰਹੇ।
ਭਗਤ ਸਿੰਘ ਦੇ ਬੋਲ
ਜਦੋਂ ਭਗਤ ਸਿੰਘ ਹੋਰਾਂ ਨੂੰ ਲੈ ਕੇ ਜਾ ਰਹੇ ਸੀ ਤਾਂ ਪੰਜਾਬ ਕਾਂਗਰਸ ਦੇ ਨੇਤਾ ਭੀਮਸੇਨ ਸੱਚਰ
ਨੇ ਭਗਤ ਸਿੰਘ ਨੂੰ ਉੱਚੀ ਆਵਾਜ਼ ਦਿੱਤੀ ਤੇ ਪੁੱਛਿਆ ਕਿ ਤੁਸੀਂ ਤੇ ਤੁਹਾਡੇ ਸਾਥੀ ਲਾਹੌਰ
ਕੰਸਪਰੈਸੀ ਕੇਸ ਵਿੱਚ ਆਪਣੇ ਆਪ ਨੂੰ ਬਚਾ ਸਕਦੇ ਸੀ ਪਰ ਤੁਸੀਂ ਆਪਣੇ ਆਪ ਨੂੰ ਬਚਾਇਆ ਕਿਉਂ
ਨਹੀਂ।
ਤਾਂ ਅੱਗੋਂ ਭਗਤ ਸਿੰਘ ਨੇ ਜਵਾਬ ਦਿੱਤਾ, ਓਹਨਾਂ ਦੇ ਬੋਲ ਸਨ, "ਇਨਕਲਾਬੀਆਂ ਨੂੰ ਮਰਨਾ ਹੀ ਪੈਂਦਾ ਹੈ, ਕਿਉਂਕਿ ਓਹਨਾਂ ਦੇ ਮਰਨ ਨਾਲ ਓਹਨਾਂ ਦੀ ਲਹਿਰ
ਮਜ਼ਬੂਤ ਹੁੰਦੀ ਹੈ"
ਅਦਾਲਤਾਂ ਵਿੱਚ ਆਪਣੇ ਆਪ ਨੂੰ ਬਚਾਉਣ ਦੀ ਅਪੀਲ ਕਰਕੇ ਲਹਿਰਾਂ ਮਜ਼ਬੂਤ ਨਹੀਂ ਹੁੰਦੀਆਂ।
ਭਗਤ ਸਿੰਘ ਦੀ ਜੇਲ੍ਹ ਕੋਠੜੀ
ਜਿਸ ਕੋਠੜੀ ਵਿੱਚ ਭਗਤ ਸਿੰਘ ਨੂੰ ਰੱਖਿਆ ਗਿਆ ਉਹ ਕੋਠੜੀ ਬਹੁਤ ਹੀ ਛੋਟੀ ਸੀ, ਜਿਸਦਾ ਨੰਬਰ 14
ਸੀ। ਭਗਤ ਸਿੰਘ ਦਾ ਕੱਦ 5 ਫੁੱਟ 10 ਇੰਚ ਸੀ ਜੋ ਤੇ ਉਹ ਬੜੀ ਮੁਸ਼ਕਿਲ ਉਸ ਵਿੱਚ ਲੰਮੇ ਪੈਂਦੇ
ਸੀ।
ਓਹਨਾਂ ਦੀ ਕੋਠੜੀ ਦੀ ਫ਼ਰਸ਼ ਕੱਚੀ ਹੋਣ ਕਰਕੇ ਓਥੇ ਘਾਹ ਵੀ ਉੱਗਿਆ ਹੋਇਆ ਸੀ। ਭਗਤ ਸਿੰਘ ਨੂੰ
ਫਾਂਸੀ ਦੇਣ ਲਈ ਜਾਣ ਤੋਂ ਪਹਿਲਾਂ ਉਹਨਾਂ ਦੇ ਵਕੀਲ ਮਹਿਤਾ ਓਹਨਾਂ ਨੂੰ ਮਿਲਣ ਲਈ ਆਏ। ਬਾਅਦ ਵਿਚ
ਵਕੀਲ ਮਹਿਤਾ ਨੇ ਲਿਖਿਆ ਕਿ ਜਦੋਂ ਮੈਂ ਭਗਤ ਸਿੰਘ ਨੂੰ ਮਿਲਣ ਗਿਆ ਤਾਂ ਉਹ ਆਪਣੀ ਕੋਠੜੀ ਵਿੱਚ
ਏਦਾਂ ਚੱਕਰ ਲਾ ਰਹੇ ਦੀ ਜਿਵੇਂ ਬੰਦ ਪਿੰਜਰੇ ਵਿੱਚ ਸ਼ੇਰ ਚੱਕਰ ਲਗਾ ਰਿਹਾ ਹੋਵੇ।
ਭਗਤ ਸਿੰਘ ਨੂੰ ਕਿਤਾਬਾਂ ਨਾਲ ਪ੍ਰੇਮ
ਭਾਵੇਂ ਭਗਤ ਸਿੰਘ ਨੂੰ ਇੱਕ ਐਸਾ ਸੂਰਮਾ ਦਰਸਾਇਆ ਗਿਆ ਹੈ ਜੋ ਦੇਸ਼ ਕੌਮ ਉੱਪਰੋਂ ਆਪਣੀ ਜਾਨ
ਵਾਰਨ ਲਈ ਹਮੇਸ਼ਾ ਤਿਆਰ ਰਹਿੰਦਾ ਸੀ ਤੇ ਲੋੜ ਪੈਣ ਤੇ ਸਾਂਡਰਸ ਵਰਗਿਆ ਨੂੰ ਮਾਰ ਵੀ ਸਕਦਾ ਸੀ ਪਰ
ਇਸਦੇ ਉਲਟ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਵੀ ਬਹੁਤ ਸ਼ੌਕ ਸੀ। ਉਹ ਹਮੇਸ਼ਾ ਕਿਤਾਬਾਂ
ਪੜ੍ਹਦਾ ਰਹਿੰਦਾ ਸੀ। ਜੇਲ੍ਹ ਵਿੱਚ ਵੀ ਉਸ ਨੇ ਕਿਤਾਬਾਂ ਪੜ੍ਹਨ ਦੀ ਆਗਿਆ ਲਈ ਹੋਈ ਸੀ।
ਜੇਲ੍ਹ ਵਾਰਡਨ ਚੜ੍ਹਤ ਸਿੰਘ ਭਗਤ ਸਿੰਘ ਦਾ ਸ਼ੁਭਚਿੰਤਕ ਸੀ। ਚੜ੍ਹਤ ਸਿੰਘ ਹੀ ਭਗਤ ਸਿੰਘ ਲਈ
ਲਾਹੌਰ ਦੀ ਦਵਾਰਕਦਾਸ ਅਕੈਡਮੀ ਵਿੱਚੋਂ ਭਗਤ ਸਿੰਘ ਲਈ ਕਿਤਾਬਾਂ ਮੰਗਵਾਉਂਦਾ ਸੀ।
ਇੱਕ ਵਾਰ ਭਗਤ ਸਿੰਘ ਨੇ ਆਪਣੇ ਸਕੂਲ ਦੇ ਦੋਸਤ ਜੈਦੇਵ ਕਪੂਰ ਨੂੰ ਕੁੱਝ ਕਿਤਾਬਾਂ "ਅਪਟਨ
ਸਿੰਕਲੇਅਰ ਦੀ ਕਿਤਾਬ ਉਪਨਿਆਸ "ਦ ਸਪਾਈ" ਲੈਨਿਨ ਦੀ "ਲੇਫਟ ਵਿੰਗ ਕਮਿਊਨਿਜ਼ਮ" ਅਤੇ ਕਾਰਲ ਲਿਬਨੇਖਤ ਦੀ ਕਿਤਾਬ "ਮਿਲਟੇਰਿਸਮ" ਲਿਆਉਣ ਨੂੰ ਕਿਹਾ।
ਉਹਨਾਂ ਕਿਹਾ ਕਿ ਇਹ ਕਿਤਾਬਾਂ ਕੁਲਬੀਰ ਦੇ ਰਾਹੀਂ ਓਹਨਾਂ ਤੱਕ ਪਹੁੰਚਾ ਦਿੱਤੀਆਂ ਜਾਣ।
ਭਗਤ ਸਿੰਘ ਤੇ ਓਹਨਾਂ ਦ ਵਕੀਲ ਪ੍ਰਾਨ ਨਾਥ ਮਹਿਤਾ
ਜਦੋਂ ਭਗਤ ਸਿੰਘ ਦੇ ਵਕੀਲ ਪ੍ਰਾਨ ਨਾਥ ਮਹਿਤਾ ਓਹਨਾਂ ਕੋਲ ਮਿਲਣ ਲਈ ਆਏ ਤਾਂ ਭਗਤ ਸਿੰਘ ਨੇ
ਮੁਸਕੁਰਾ ਕੇ ਓਹਨਾਂ ਦਾ ਸਵਾਗਤ ਕੀਤਾ ਤੇ ਓਹਨਾਂ ਨੂੰ ਪੁੱਛਿਆ ਕਿ ਮੇਰੇ ਲਈ ਕਿਤਾਬ
'ਰੇਵੋਲਿਊਸ਼ਨਰੀ ਲੈਨਿਨ' ਲੈ ਕੇ ਆਏ ਹੋ? ਤਾਂ ਪ੍ਰਾਨ ਨਾਥ ਮਹਿਤਾ ਨੇ ਭਗਤ ਸਿੰਘ ਨੂੰ ਕਿਤਾਬ ਦੇ
ਦਿੱਤੀ ਤਾਂ ਭਗਤ ਸਿੰਘ ਓਸੇ ਵੇਲੇ ਉਸ ਕਿਤਾਬ ਨੂੰ ਪੜ੍ਹਨ ਲੱਗ ਗਏ। ਜਦੋਂ ਵਕੀਲ ਪ੍ਰਾਨ ਨਾਥ
ਮਹਿਤਾ ਨੇ ਭਗਤ ਸਿੰਘ ਨੂੰ ਪੁੱਛਿਆ ਕਿ ਤੁਸੀਂ ਦੇਸ਼ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ
ਭਗਤ ਸਿੰਘ ਨੇ ਬਿਨ੍ਹਾਂ ਮੂੰਹ ਉੱਪਰ ਚੁੱਕੇ ਹੀ ਜਵਾਬ ਦਿੱਤਾ "ਸਮਰਾਜਵਾਦ ਮੁਰਦਾਬਾਦ ਤੇ ਇਨਕਲਾਬ ਜਿੰਦਾਬਾਦ"
ਭਗਤ ਸਿੰਘ ਨੂੰ ਮਿਲਣ ਤੋਂ ਬਾਅਦ ਵਕੀਲ ਪ੍ਰਾਨ ਨਾਥ ਮਹਿਤਾ ਰਾਜਗੁਰੂ ਨੂੰ ਮਿਲਣ ਗਏ ਤਾਂ
ਰਾਜਗੁਰੂ ਨੇ ਵਕੀਲ ਮਹਿਤਾ ਨੂੰ ਕਿਹਾ, "ਅਸੀਂ ਜਲਦੀ ਮਿਲਾਂਗੇ"
ਰਾਜਗੁਰੂ ਤੋਂ ਬਾਅਦ ਸੁਖਦੇਵ ਨੇ ਵਕੀਲ ਪ੍ਰਾਨ ਨਾਥ ਮਹਿਤਾ ਨੂੰ ਕਿਹਾ ਕਿ ਓਹਨਾਂ ਦੀ ਮੌਤ ਤੋਂ
ਬਾਅਦ ਉਹ ਜੇਲਰ ਕੋਲੋਂ ਕੈਰਮ ਬੋਰਡ ਲੈ ਲੈਣ ਜਿਹੜਾ ਓਹਨਾਂ ਨੇ ਕੁੱਝ ਮਹੀਨੇ ਪਹਿਲਾਂ ਹੀ ਉਸ ਨੂੰ
ਦਿੱਤਾ ਸੀ।
ਵਕੀਲ ਪ੍ਰਾਨ ਨਾਲ ਮਹਿਤਾ ਦੇ ਜਾਣ ਤੋਂ ਬਾਅਦ ਜੇਲ ਦੇ ਅਧਿਕਾਰੀਆਂ ਨੇ ਇਹਨਾਂ ਤਿੰਨਾਂ ਨੂੰ ਦੱਸ
ਦਿੱਤਾ ਕਿ ਓਹਨਾਂ ਨੂੰ ਫਾਂਸੀ ਕੱਲ੍ਹ 24 ਮਾਰਚ ਨੂੰ ਨਹੀਂ ਬਲਕਿ 12 ਘੰਟੇ ਪਹਿਲਾਂ ਅੱਜ ਸ਼ਾਮ
23 ਮਾਰਚ ਨੂੰ ਹੀ ਦੇ ਦਿੱਤੀ ਜਾਵੇਗੀ। ਇਹ ਸੁਣ ਕੇ ਭਗਤ ਸਿੰਘ ਨੇ ਕਿਹਾ ਕੀ ਤੁਸੀਂ ਮੈਨੂੰ ਇਸ
ਕਿਤਾਬ ਦਾ ਇੱਕ ਅਧਿਆਇ ਵੀ ਪੂਰਾ ਨਹੀਂ ਪੜ੍ਹਨ ਦਿਓਗੇ?
ਫਾਂਸੀ ਦੀ ਤਿਆਰੀ
ਤਿੰਨਾਂ ਕ੍ਰਾਂਤੀਕਾਰੀਆਂ ਨੂੰ ਫਾਂਸੀ ਤੇ ਲਟਕਾਉਣ ਲਈ ਓਹਨਾਂ ਦੀਆਂ ਕੋਠੜੀਆਂ ਵਿੱਚੋਂ ਬਾਹਰ
ਲਿਜਾਇਆ ਗਿਆ। ਭਗਤ ਸਿੰਘ ਰਾਜਗੁਰੂ ਸੁਖਦੇਵ ਅਜ਼ਾਦੀ ਦਾ ਗੀਤ ਗਾਉਣ ਲੱਗੇ।
ਕਭੀ ਵੋ ਦਿਨ ਭੀ ਆਏਗਾ,
ਕਿ ਜਬ ਆਜ਼ਾਦ ਹਮ ਹੋਂਗੇ,
ਯੇ ਅਪਨੀ ਹੀ ਜ਼ਮੀਂ ਹੋਗੀ,
ਯੇ ਅਪਨਾ ਆਸਮਾਂ ਹੋਗਾ।
ਫ਼ਿਰ ਵਾਰੀ-ਵਾਰੀ ਇਹਨਾਂ ਤਿੰਨਾਂ ਦਾ ਵਜ਼ਨ ਤੋਲਿਆ ਗਿਆ। ਇਹਨਾਂ ਤਿੰਨਾਂ ਦੇ ਵਜ਼ਨ ਪਹਿਲਾਂ
ਨਾਲੋਂ ਵੱਧੇ ਹੋਏ ਸੀ। ਇਹਨਾਂ ਨੂੰ ਅਖੀਰਲੀ ਵਾਰ ਇਸਨਾਨ ਕਰਨ ਲਈ ਕਿਹਾ ਗਿਆ। ਓਹਨਾਂ ਨੂੰ ਕਾਲੇ
ਕੱਪੜੇ ਪਵਾ ਦਿੱਤੇ ਗਏ। ਭਗਤ ਸਿੰਘ ਹੋਰਾਂ ਨੂੰ ਕਿਹਾ ਕਿ ਸਾਡੇ ਮੂੰਹ ਉੱਪਰ ਕੋਈ ਵੀ ਕੱਪੜਾ ਨਾ
ਪਾਇਆ ਜਾਵੇ। ਓਹਨਾਂ ਦੇ ਮੂੰਹ ਉੱਪਰ ਕੱਪੜੇ ਨਹੀਂ ਪਾਏ ਗਏ। ਜੇਲ੍ਹਰ ਚੜ੍ਹਤ ਸਿੰਘ ਨੇ ਭਗਤ ਸਿੰਘ
ਦੇ ਕੰਨ ਵਿੱਚ ਕਿਹਾ ਵਾਹਿਗੁਰੂ ਨੂੰ ਯਾਦ ਕਰੋ।
ਅੱਗੋਂ ਭਗਤ ਸਿੰਘ ਨੇ ਜਵਾਬ ਦਿੱਤਾ ਕਿ ਪੂਰੀ ਜਿੰਦਗੀ ਮੈਂ ਈਸ਼ਵਰ ਨੂੰ ਯਾਦ ਨਹੀਂ ਕੀਤਾ। ਜਦੋਂ
ਵੀ ਗਰੀਬ ਲੋਕਾਂ ਵਿੱਚ ਕਲੇਸ਼ ਹੁੰਦਾ ਹੈ ਤਾਂ ਮੈਂ ਈਸ਼ਵਰ ਨੂੰ ਹੀ ਕੋਸਿਆ ਹੈ ਜੇ ਮੈਂ ਹੁਣ
ਈਸ਼ਵਰ ਕੋਲੋਂ ਮਾਫ਼ੀ ਮੰਗਦਾ ਹਾਂ ਤਾਂ ਉਹ ਸੋਚੇਗਾ ਕਿ ਇਸਤੋਂ ਵੱਡਾ ਡਰਪੋਕ ਹੋਰ ਕੋਈ ਨਹੀਂ।
ਹੁਣ ਅੰਤਿਮ ਸਮਾਂ ਨੇੜੇ ਵੇਖ ਕੇ ਮਾਫ਼ੀ ਮੰਗ ਰਿਹਾ ਹੈ।
ਫਾਂਸੀ ਦਾ ਤਖ਼ਤਾ (ਅੰਤਿਮ ਸਮਾਂ)
ਸ਼ਾਮ ਦੇ 6 ਵੱਜ ਚੁੱਕੇ ਸਨ, ਸਾਰੇ ਕੈਦੀਆਂ ਨੂੰ ਇੱਕ ਗਾਣਾ ਸੁਣਾਈ ਦੇ ਰਿਹਾ ਸੀ ਜੋ ਇਹ ਤਿੰਨੇ
ਕ੍ਰਾਂਤੀਕਾਰੀ ਗਾ ਰਹੇ ਸੀ
"ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ
ਹੈ"
ਲਾਹੌਰ ਜਿਲ੍ਹਾ ਕਾਂਗਰਸ ਦੇ ਸਚੀਵ ਪਿੰਡੀ ਦਾਸ ਸੋਦੀਂ ਦਾ ਘਰ ਲਾਹੌਰ ਸੈਂਟਰਲ ਜੇਲ੍ਹ ਦੇ ਨਾਲ ਹੀ
ਸੀ। ਭਗਤ ਸਿੰਘ ਨੇ ਐਨੀ ਉੱਚੀ ਆਵਾਜ਼ ਵਿੱਚ "ਇੰਨਕਲਾਬ ਜਿੰਦਾਬਾਦ" ਦਾ ਨਾਹਰਾ
ਲਗਾਇਆ ਕਿ ਸਚੀਵ ਸੋਂਦੀ ਦੇ ਘਰ ਤੱਕ ਉਸਦੀ ਆਵਾਜ਼ ਸੁਣਾਈ ਦਿੱਤੀ।
ਭਗਤ ਸਿੰਘ ਦੀ ਆਵਾਜ਼ ਸੁਣਦੇ ਹੀ ਜੇਲ ਦੇ ਬਾਕੀ ਕੈਦੀ "ਇੰਨਕਲਾਬ ਜਿੰਦਾਬਾਦ" ਦੇ ਨਾਹਰੇ ਲਾਉਣ
ਲੱਗ ਪਏ।
ਇਹਨਾਂ ਤਿੰਨਾਂ ਦੇ ਗਲਾਂ ਵਿੱਚ ਰੱਸੀ ਪਾ ਦਿੱਤੀ ਗਈ। ਇਹਨਾਂ ਦੇ ਹੱਥ ਪੈਰ ਬੰਨ੍ਹ ਦਿੱਤੇ ਗਏ।
ਜਿਸ ਤੋਂ ਬਾਅਦ ਜੱਲਾਦ ਨੇ ਪੁੱਛਿਆ, 'ਸਭ ਤੋਂ ਪਹਿਲਾਂ ਕੌਣ ਜਾਣਾ ਚਾਹਵੇਗਾ' ਸੁਖਦੇਵ ਨੇ ਉਸਦੇ
ਜਵਾਬ ਵਜੋਂ ਹਾਮੀ ਭਰੀ।
ਜਲਾਦ ਨੇ ਇੱਕ ਇੱਕ ਕਰਕੇ ਤਿੰਨਾਂ ਦੀ ਰੱਸੀ ਖਿੱਚ ਦਿੱਤੀ। ਕਾਫ਼ੀ ਸਮੇਂ ਤੱਕ ਉਹ ਤਿੰਨੇ ਲਟਕਦੇ
ਰਹੇ ਤੇ ਕਾਫੀ ਦੇਰ ਬਾਅਦ ਓਹਨਾਂ ਨੂੰ ਫਾਂਸੀ ਦੇ ਤਖ਼ਤੇ ਤੋਂ ਥੱਲੇ ਉਤਾਰਿਆ ਗਿਆ। ਡਾ.
ਲੈਫਟੀਨੈਂਟ ਕਰਨਲ ਜੇ. ਜੇ. ਨੈਲਸਨ ਅਤੇ ਲੈਫਟੀਨੈਂਟ ਕਰਨਲ ਐਨ. ਐੱਸ. ਸੋਂਦੀ ਨੇ ਓਹਨਾਂ ਨੂੰ
ਮ੍ਰਿਤ ਘੋਸ਼ਿਤ ਕਰ ਦਿੱਤਾ।
ਅੰਤਿਮ ਸੰਸਕਾਰ
ਪਹਿਲਾਂ ਇਹਨਾਂ ਤਿੰਨਾਂ ਦਾ ਅੰਤਿਮ ਸੰਸਕਾਰ ਜੇਲ ਦੇ ਅੰਦਰ ਹੋ ਕਰਨ ਦੀ ਸਲਾਹ ਕੀਤੀ ਗਈ ਸੀ ਪਰ
ਬਾਅਦ ਵਿੱਚ ਓਹਨਾਂ ਸੋਚਿਆ ਕਿ ਧੂਆਂ ਉੱਪਰ ਨੂੰ ਉੱਠਦਾ ਦੇਖ ਕੇ ਬਾਹਰ ਖੜੀ ਭੀੜ ਅੰਦਰ ਹਮਲਾ ਨਾ
ਕਰ ਦਵੇ ਜਿਸ ਤੋਂ ਬਾਅਦ ਜੇਲ ਦੀ ਪਿਛਲੀ ਕੰਧ ਤੋੜ ਕੇ ਇੱਕ ਟਰੱਕ ਅੰਦਰ ਲਿਆਂਦਾ ਗਿਆ। ਉਸ ਟਰੱਕ
ਵਿੱਚ ਇਹਨਾਂ ਤਿੰਨਾਂ ਦੀਆਂ ਲਾਸ਼ਾਂ ਨੂੰ ਇਸ ਤਰ੍ਹਾਂ ਅਪਮਾਨ ਜਨਕ ਤਰੀਕੇ ਨਾਲ ਲੱਦਿਆ ਗਿਆ
ਜਿਵੇਂ ਕੋਈ ਸਮਾਨ ਹੋਵੇ। ਪਹਿਲਾਂ ਫ਼ੈਸਲਾ ਕੀਤਾ ਗਿਆ ਕਿ ਓਹਨਾਂ ਦਾ ਅੰਤਿਮ ਸੰਸਕਾਰ ਰਾਵੀ ਦੇ
ਕੰਢੇ ਕੀਤਾ ਜਾਵੇ ਪਰ ਓਥੇ ਪਾਣੀ ਬਹੁਤ ਘੱਟ ਸੀ ਜਿਸ ਤੋਂ ਬਾਅਦ ਓਹਨਾਂ ਦਾ ਅੰਤਿਮ ਸੰਸਕਾਰ
ਬ੍ਰਿਤਾਨੀ ਸੈਨਿਕਾਂ ਵੱਲੋਂ ਸਤਲੁਜ ਦੇ ਕੰਢੇ ਕੀਤਾ ਗਿਆ। ਉਦੋਂ ਤੱਕ ਰਾਤ ਦੇ 10 ਵੱਜ ਚੁੱਕੇ
ਸਨ।
ਹਜੇ ਅੱਧਾ ਕੁ ਸੰਸਕਾਰ ਹੀ ਹੋਇਆ ਸੀ ਕਿ ਲੋਕਾਂ ਨੂੰ ਇਸਦਾ ਪਤਾ ਲੱਗ ਗਿਆ। ਜਦੋਂ ਲੋਕਾਂ ਦੀ ਭੀੜ
ਉਧਰ ਨੂੰ ਵਧੀ ਤਾਂ ਬ੍ਰਿਤਾਨੀ ਸੈਨਿਕ ਅੱਧ ਸੜ੍ਹੀਆਂ ਲਾਸ਼ਾਂ ਨੂੰ ਓਥੇ ਹੀ ਛੱਡ ਕੇ ਭੱਜ ਗਏ।
ਪਿੰਡ ਦੇ ਲੋਕਾਂ ਨੇ ਸਾਰੀ ਰਾਤ ਓਹਨਾਂ ਦੀ ਰਾਖੀ ਕੀਤੀ।
ਅਗਲੇ ਦਿਨ ਤਕਰੀਬਨ ਦੁਪਹਿਰ ਦੇ ਸਮੇਂ ਜਿਲ੍ਹਾ ਮਜਿਸਟਰੇਟ ਨੇ ਆਪਣੇ ਦਸਤਖ਼ਤ ਕੀਤੇ ਤੇ ਕਈ
ਇਲਾਕਿਆਂ ਵਿੱਚ ਕੰਧਾਂ ਉੱਪਰ ਨੋਟਿਸ ਚਿਪਕਵਾ ਦਿੱਤੇ ਕਿ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ
ਅੰਤਿਮ ਸੰਸਕਾਰ ਸਿੱਖ ਰੀਤੀ ਰਿਵਾਜਾਂ ਅਨੁਸਾਰ ਕਰ ਦਿੱਤਾ ਗਿਆ ਹੈ ਪਰ ਲੋਕਾਂ ਨੇ ਇਸ ਦਾ ਸਖ਼ਤ
ਵਿਰੋਧ ਕੀਤਾ ਤੇ ਕਿਹਾ ਕਿ ਓਹਨਾਂ ਦੀਆਂ ਲਾਸ਼ਾਂ ਨੂੰ ਪੂਰੀ ਤਰ੍ਹਾਂ ਅਗਨ ਭੇਂਟ ਵੀ ਨਹੀਂ ਕੀਤਾ
ਗਿਆ।
ਜਿਸ ਤੋਂ ਬਾਅਦ ਲੋਕਾਂ ਨੇ ਓਹਨਾਂ ਤਿੰਨਾਂ ਦੀਆਂ ਲਾਸ਼ਾਂ ਨੂੰ ਪੂਰੇ ਰੀਤੀ ਰਿਵਾਜਾਂ ਅਨੁਸਾਰ
ਅਗਨ ਭੇਂਟ ਕੀਤਾ।