ਗੁਰੂ ਨਾਨਕ ਦੇਵ ਜੀ ਸਰਬ ਸਾਂਝੇ ਗੁਰੂ ਹਨ ਅਤੇ ਸਿੱਖ ਧਰਮ ਦੇ ਮੋਢੀ ਹਨ। ਗੁਰੂ ਨਾਨਕ ਦੇਵ ਜੀ
ਦਾ ਪ੍ਰਕਾਸ਼ ਹੀ ਪਾਪ ਦਾ ਹਨੇਰਾ ਦੂਰ ਕਰਨ ਲਈ ਹੋਇਆ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ
ਪਹਿਲਾਂ ਪਾਪ ਐਨਾ ਵੱਧ ਚੁੱਕਾ ਸੀ ਕਿ ਧਰਮੀ ਬੰਦਿਆ ਲਈ ਜਿਊਣਾ ਮੁਸ਼ਕਿਲ ਹੋ ਚੁੱਕਾ ਸੀ। ਔਰਤਾਂ,
ਬੱਚਿਆਂ, ਬਜ਼ੁਰਗਾਂ ਨੂੰ ਵੀ ਕੁਚਲਿਆ ਜਾਣ ਲੱਗਾ। ਇਸ ਸਮੇਂ ਬਾਰੇ ਹੋਰ ਕੀ ਕਹਿਣਾ ਬਸ ਚਾਰੇ
ਪਾਸੇ ਅੰਧਕਾਰ ਦਾ ਹਨੇਰਾ ਛਾਇਆ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੀਆਂ
ਤਿੰਨ ਸਦੀਆਂ ਨੂੰ "ਕਾਲੀਆਂ ਸਦੀਆਂ" ਦਾ ਨਾਮ ਦਿੱਤਾ ਗਿਆ।
ਇਸ ਹਨ੍ਹੇਰੇ ਵਾਲੇ ਸਮੇਂ ਨੂੰ ਅਲੱਗ ਅਲੱਗ ਭਾਗਾਂ ਵਿੱਚ ਵੰਡਿਆ ਗਿਆ ਹੈ।
1. ਰਾਜਨੀਤਿਕ ਹਨ੍ਹੇਰਾ
2. ਪੰਜਾਬ ਦੀ ਦਸ਼ਾ
3. ਰਾਜਸ਼ੀ ਦਸ਼ਾ
4. ਧਾਰਮਿਕ ਦਸ਼ਾ
5. ਸਮਾਜਿਕ ਦਸ਼ਾ
6. ਆਰਥਿਕ ਦਸ਼ਾ
Table of Contents
ਰਾਜਨੀਤਿਕ ਹਨ੍ਹੇਰਾ
ਤਕਰੀਬਨ 12ਵੀਂ ਸਦੀ ਵਿੱਚ ਹਿੰਦੁਸਤਾਨ ਉੱਪਰ ਮੁਸਲਮਾਨਾਂ ਦਾ ਰਾਜ਼ ਹੋਣ ਲੱਗਾ। ਕਈਆਂ ਥਾਵਾਂ ਤੇ
ਹਿੰਦੂ ਰਾਜਿਆਂ ਵੱਲੋਂ ਮੁਸਲਮਾਨਾਂ ਨੂੰ ਰੋਕਣ ਲਈ ਮੁਕਾਬਲੇ ਵੀ ਹੋਏ ਪਰ ਮੁਸਲਮਾਨਾਂ ਦੀ ਵੱਧ
ਤਾਕਤ ਹੋਣ ਕਰਕੇ ਹਿੰਦੂ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ। ਹਿੰਦੁਸਤਾਨ ਦੇ ਪ੍ਰਿਥੀ ਚੰਦ ਵਰਗੇ
ਹਿੰਦੂ ਆਗੂਆਂ ਨੂੰ ਆਪਣੀਆਂ ਪਤਨੀਆਂ ਤੋਂ ਵਿਹਲ ਨਾ ਮਿਲੀ। ਵੇਂਹਦਿਆਂ ਵੇਂਹਦਿਆਂ ਹਿੰਦੁਸਤਾਨ
ਪੂਰੀ ਤਰ੍ਹਾਂ ਮੁਸਲਮਾਨਾਂ ਦੇ ਘੇਰੇ ਵਿੱਚ ਆ ਗਿਆ। ਜਦੋਂ ਤੱਕ ਹਿੰਦੂ ਰਾਜਿਆਂ ਨੂੰ ਇਸ ਦਾ
ਅਹਿਸਾਸ ਹੋਇਆ ਉਦੋਂ ਤੱਕ ਪੂਰੇ ਹਿੰਦੁਸਤਾਨ ਉੱਪਰ ਮੁਸਲਮਾਨੀ ਰਾਜ ਦਾ ਇੱਕ ਵੱਡਾ ਸਾਮਰਾਜ ਬਣ
ਗਿਆ। ਹਿੰਦੁਸਤਾਨ ਉੱਪਰ ਮੁਹੰਮਦ ਗੌਰੀ ਦਾ ਰਾਜ ਹੋ ਗਿਆ। ਕੁਤਬਊੱਦੀਨ ਐਬਕ ਤੋਂ ਬਾਅਦ ਅਲਤਮਸ਼
ਨੇ ਹਿੰਦੁਸਤਾਨ ਉੱਪਰ ਰਾਜ ਕੀਤਾ। ਅਲਾਉਦੀਨ ਖਿਲਜੀ ਨੇ ਦਰਬਾਰ ਵਿੱਚ ਸਾਰੇ ਲੋਕਾਂ ਦੇ ਸਾਹਮਣੇ
ਹਿੰਦੂਆਂ ਉੱਪਰ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਫਿਰੋਜ਼ ਤੁਗ਼ਲਕ ਨੇ ਹਿੰਦੂਆਂ ਉੱਪਰ ਜਜ਼ੀਆ
ਲਗਾ ਦਿੱਤਾ, ਉਸ ਨੇ ਮੰਦਿਰਾਂ ਉੱਪਰ ਵੀ ਟੈਕਸ ਲਗਾ ਦਿੱਤਾ, ਜੇ ਕੋਈ ਹਿੰਦੂ ਤੀਰਥ ਯਾਤਰਾ ਕਰਨਾ
ਚਾਹੁੰਦਾ ਤਾਂ ਉਸ ਨੂੰ ਵੀ ਟੈਕਸ ਦੇਣਾ ਪੈਂਦਾ। ਇਸ ਤੋਂ ਬਾਅਦ ਤੈਮੂਰ ਨੇ ਵੀ ਕੋਈ ਕਸਰ ਨਾ
ਛੱਡੀ। ਉਸ ਨੇ ਆਪਣੇ ਇੱਕ ਇਸ਼ਾਰੇ ਤੇ ਇੱਕ ਲੱਖ ਹਿੰਦੂ ਕੈਦੀਆਂ ਨੂੰ ਖ਼ਤਮ ਕਰਨ ਦਾ ਹੁਕਮ ਸੁਣਾ
ਦਿੱਤਾ। ਇਸ ਤੋਂ ਮਗਰੋਂ ਬਹਿਲੋਲ ਖਾਂ ਦਿੱਲੀ ਦੇ ਤਖ਼ਤ ਤੇ ਕਾਬਜ਼ ਹੋ ਗਿਆ। ਜਦੋਂ 1468 ਈ:
ਵਿੱਚ ਉਸ ਦੀ ਮੌਤ ਹੋਈ ਤਾਂ ਉਸ ਦਾ ਪੁੱਤਰ ਨਿਜ਼ਾਮ ਖਾਨ ਨੇ ਹਕੂਮਤ ਦੀ ਵਾਗਡੋਰ ਸੰਭਾਲੀ।
ਨਿਜ਼ਾਮ ਖਾਨ ਨੇ ਆਪਣਾ ਨਾਮ ਸਕੰਦਰ ਲੋਧੀ ਰੱਖ ਲਿਆ। ਉਸ ਨੇ ਹਿੰਦੁਸਤਾਨ ਉੱਪਰ 1517 ਈ: ਤੱਕ
ਅਪਣਾ ਰਾਜ ਕਾਇਮ ਰੱਖਿਆ। ਸਕੰਦਰ ਲੋਧੀ ਨੇ ਹਿੰਦੂਆਂ ਦੇ ਮੰਦਰ , ਦੇਹੁਰੇ ਢਾਹੁਣ ਦਾ ਹੁਕਮ ਦੇ
ਦਿੱਤਾ। ਜਿੰਨੀ ਵੱਡੀ ਗਿਣਤੀ ਵਿੱਚ ਉਸ ਨੇ ਮੰਦਰਾਂ ਨੂੰ ਢਹਿ ਢੇਰੀ ਕਰਵਾ ਦਿੱਤਾ ਉਸ ਦਾ ਹਿਸਾਬ
ਤਾਂ ਇਤਿਹਾਸ ਵਿੱਚ ਵੀ ਦਰਜ਼ ਨਾ ਹੋ ਸਕਿਆ।
ਪੰਜਾਬ ਦੀ ਦਸ਼ਾ
ਸਕੰਦਰ ਲੋਧੀ ਨੇ ਪੰਜਾਬ ਵਿੱਚ ਦੌਲਤ ਖਾਨ ਨੂੰ ਪੰਜਾਬ ਦਾ ਸੁਲਤਾਨ
ਬਣਾ ਕੇ ਸੁਲਤਾਨਪੁਰ ਦਾ ਨਵਾਬ ਬਣਾ ਦਿੱਤਾ। ਜਦੋਂ ਤੱਕ ਸਕੰਦਰ ਤਖ਼ਤ ਉੱਤੇ ਰਿਹਾ ਓਦੋਂ ਤੱਕ
ਦੌਲਤ ਖ਼ਾਨ ਬਹੁਤ ਹੀ ਵਫਾਦਾਰ ਰਿਹਾ ਪਰ ਜਦੋਂ ਇਬਰਾਹੀਮ ਨੇ ਹਿੰਦੁਸਤਾਨ ਉੱਪਰ ਆਵਦਾ ਰਾਜ ਕਾਇਮ
ਕੀਤਾ ਤਾਂ ਉਦੋਂ ਤੋਂ ਹੀ ਦੌਲਤ ਖ਼ਾਨ ਨੇ ਸਾਜਿਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਆਲਮ
ਖ਼ਾਨ ਲੋਧੀ ਨਾਲ ਮਿਲ ਕੇ ਬਾਬਰ ਨੂੰ ਹਿੰਦੁਸਤਾਨ ਉੱਪਰ ਹਮਲਾ ਕਰਨ ਲਈ ਉਕਸਾਇਆ। ਉਸ ਨੂੰ ਸੱਦਾ
ਭੇਜਿਆ ਕਿ ਹਿੰਦੁਸਤਾਨ ਉੱਪਰ ਹਮਲਾ ਕਰੇ ਕਿਉਂਕਿ ਦੌਲਤ ਖ਼ਾਨ ਨੇ ਸੋਚਿਆ ਸੀ ਕਿ ਬਾਬਰ
ਹਿੰਦੁਸਤਾਨ ਉੱਪਰ ਹਮਲਾ ਕਰੇਗਾ ਅਤੇ ਸਕੰਦਰ ਲੋਧੀ ਨੂੰ ਹਰਾ ਕੇ ਅਤੇ ਲੁੱਟ ਦਾ ਸਮਾਨ ਲੈ ਕੇ
ਵਾਪਿਸ ਚਲਾ ਜਾਵੇਗਾ ਤੇ ਦੌਲਤ ਖ਼ਾਨ ਹਿੰਦੁਸਤਾਨ ਦੇ ਤਖ਼ਤ ਉੱਪਰ ਬੈਠ ਜਾਵੇਗਾ ਪਰ ਉਸ ਦੇ ਸੋਚਣ
ਤੋਂ ਬਿਲਕੁਲ ਉਲਟ ਹੋਇਆ। ਬਾਬਰ ਦੇ ਹਮਲੇ ਤੋਂ ਬਾਅਦ ਲੋਧੀ ਰਾਜ ਹਿੰਦੁਸਤਾਨ ਉੱਪਰ ਹਮੇਸ਼ਾ ਲਈ
ਖ਼ਤਮ ਹੋ ਗਿਆ ਤੇ ਹਿੰਦੁਸਤਾਨ ਉੱਪਰ ਬਾਬਰ ਦਾ ਰਾਜ ਹੋ ਗਿਆ।
ਰਾਜਸ਼ੀ ਦਸ਼ਾ
ਪੰਜਾਬ ਵਿੱਚ ਉਸ ਵੇਲੇ ਰਾਜਸ਼ੀ ਦਸ਼ਾ ਬਹੁਤ ਹੀ ਖਰਾਬ ਸੀ। ਰਾਜੇ ਕਸਾਈਆਂ ਦਾ ਰੂਪ ਧਾਰਨ ਕਰੀ
ਬੈਠੇ ਸਨ। ਗਰੀਬਾਂ ਦਾ ਖ਼ੂਨ ਨਿਚੋੜਨਾ ਤਾਂ ਰਾਜਿਆਂ ਲਈ ਆਮ ਹੋ ਚੁੱਕਾ ਸੀ। ਓਹਨਾਂ ਦੇ ਇੱਕ ਹੀ
ਇਸ਼ਾਰੇ ਤੇ ਕਈ ਗਰੀਬਾਂ ਨੂੰ ਮਾਰ ਦਿੱਤਾ ਜਾਂਦਾ। ਰਾਜਿਆਂ ਨੇ ਤਾਂ ਕੁੱਤਿਆਂ ਦਾ ਰੂਪ ਧਾਰਨ
ਕੀਤਾ ਹੋਇਆ ਸੀ ਸਗੋਂ ਰਾਜਿਆਂ ਦੇ ਵਜ਼ੀਰ ਤੇ ਨੌਕਰ ਵੀ ਕੁੱਤੇ ਦੀਆਂ ਨਹੁੰਦਰਾਂ ਬਣ ਕੇ ਲੋਕਾਂ
ਦਾ ਮਾਸ ਨੋਚਣ ਤੇ ਲੱਗੇ ਹੋਏ ਸਨ। ਰਿਸ਼ਵਤਖੋਰੀ ਜ਼ੋਰਾਂ ਤੇ ਸੀ, ਹਰ ਕੰਮ ਵੱਢੀ ਲੈ ਕੇ ਹੁੰਦੇ।
ਬਾਬਰ ਦੇ ਹਮਲੇ ਤੋਂ ਬਾਅਦ ਤਾਂ ਹਾਲਾਤ ਹੋਰ ਵੀ ਖ਼ਰਾਬ ਹੀ ਗਏ। ਰਾਜਿਆਂ ਦੇ ਪੁੱਤਾਂ ਨੂੰ ਵੀ
ਰੋਟੀ ਦਾ ਟੁੱਕ ਨਸੀਬ ਨਾ ਹੋਇਆ।
ਇਸ ਤੋਂ ਉੱਪਰ ਮਾੜੇ ਹਾਲਾਤ ਹਿੰਦੁਸਤਾਨ ਦੇ ਇਹ ਹੋਏ ਕਿ ਬਾਬਰ ਦੇ ਹਮਲੇ ਤੋਂ ਜਿਨ੍ਹਾਂ ਨੂੰ
ਥੋੜਾ ਬਹੁਤ ਜੋਤਿਸ਼ ਦਾ ਗਿਆਨ ਸੀ ਉਹ ਜੋਤਿਸ਼ੀ ਦੀਆਂ ਦੁਕਾਨਾਂ ਖੋਲ੍ਹ ਕੇ ਬਹਿ ਗਏ ਤੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੂੰ ਜੋਤਿਸ਼ ਦਾ ਗਿਆਨ ਨਹੀਂ ਸੀ ਓਹਨਾਂ ਲੋਕਾਂ ਨੂੰ ਮੁਗ਼ਲ ਸ਼ਾਸ਼ਕਾਂ ਵੱਲੋਂ ਤਸੀਹੇ ਝੱਲਣੇ ਪੈਂਦੇ ਕਿਉਂਕਿ ਜਿਨ੍ਹਾਂ ਨੂੰ ਜੋਤਿਸ਼ ਦਾ ਗਿਆਨ ਸੀ ਉਹ ਲੋਕ ਮੁਗ਼ਲ ਵਜੀਰਾਂ ਨਾਲ ਮਿਲ ਕੇ ਲੋਕਾਂ ਦਾ ਖ਼ੂਨ ਨਿਚੋੜਦੇ।
ਬਾਬਰ ਦੇ ਹਮਲੇ ਤੋਂ ਬਾਅਦ ਹਿੰਦੁਸਤਾਨ ਦੀ ਆਮ ਜਨਤਾ ਤਾਂ ਇੱਕ ਪਾਸੇ ਸਗੋਂ ਰਾਜਪੂਤ ਰਾਜਿਆਂ ਨੇ ਵੀ ਗੁਲਾਮੀ ਮੰਨ ਲਈ। ਇਥੋਂ ਤੱਕ ਕਿ ਤੁਲਸੀਦਾਸ ਵਰਗੇ ਮਹਾਨ ਵਿਦਵਾਨ ਵੀ ਇਹ ਕਹਿਣ ਲਈ ਮਜਬੂਰ ਹੋ ਗਏ ਕਿ "ਕੋਈ ਰਾਜਾ ਹੋਵੇ ਸਾਨੂੰ ਕੀ" ਭਾਵ ਕਿ ਰਾਜ ਭਾਵੇਂ ਕਿਸੇ ਦਾ ਹੋਵੇ ਅਸੀਂ ਕੀ ਲੈਣਾ। ਬ੍ਰਾਹਮਣ ਜਾਤੀ ਦੇ ਲੋਕ ਜੋ ਥੋੜ੍ਹੇ ਬਹੁਤ ਅਮੀਰ ਸਨ ਉਹ ਆਪਣੇ ਹੀ ਭਰਾਵਾਂ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ ਹੋਏ ਸਨ।
ਮੁਸਲਮਾਨ ਹਾਕਮਾਂ ਵੱਲੋਂ ਹਿੰਦੂਆਂ ਦੇ ਧਾਰਮਿਕ ਅਸਥਾਨਾਂ ਉੱਪਰ ਵੀ ਟੈਕਸ ਲਗਾ ਦਿੱਤੇ ਗਏ, ਉਹਨਾਂ ਦੇ ਧਾਰਮਿਕ ਚਿੰਨ੍ਹਾਂ ਉੱਪਰ ਵੀ ਕਰ ਲਗਾ ਦਿੱਤੇ ਗਏ। ਇਥੋਂ ਤੱਕ ਕਿ ਹਿੰਦੂ ਨੂੰ ਆਪਣੀ ਗਾਂ ਨੂੰ ਨਦੀ ਪਾਰ ਕਰਵਾਉਣ ਕਈ ਵੀ ਇੱਕ ਰੁਪਈਆ ਟੈਕਸ ਦੇਣਾ ਪੈਂਦਾ। ਜਿਨ੍ਹਾਂ ਹੱਥ ਲੋਕਾਂ ਨੂੰ ਇਨਸਾਫ਼ ਦਵਾਉਣ ਦੀ ਜਿੰਮੇਵਾਰੀ ਸੀ ਉਹ ਆਪ ਲੋਕਾਂ ਕੋਲੋਂ ਪੈਸੇ ਲੈਂਦੇ ਤੇ ਲੋਕਾਂ ਦੇ ਹੱਕ ਵਿੱਚ ਗੱਲ ਕਰਦੇ। ਸਾਰਾ ਕੰਮ ਵੱਢੀ ਉੱਪਰ ਹੀ ਹੁੰਦਾ ਸੀ। ਜੇ ਕੋਈ ਹਿੰਮਤ ਕਰਕੇ ਪੁੱਛ ਲੈਂਦਾ ਕਿ ਇਹ ਫੈਸਲਾ ਗ਼ਲਤ ਹੈ ਤੁਸੀਂ ਇਹ ਫੈਸਲਾ ਕਿਵੇਂ ਕਰ ਸਕਦੇ ਹੋ ਤਾਂ ਅੱਗੋਂ ਉਸ ਨੂੰ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਸੁਣਾ ਦਿੰਦੇ।
ਧਾਰਮਿਕ ਦਸ਼ਾ
ਉਹ ਸਮੇਂ ਮੁਸਲਮਾਨ ਤੇ ਹਿੰਦੂਆਂ ਵਿਚਕਾਰ ਇੱਕ ਦੂਜੇ ਦੇ ਧਰਮ ਪ੍ਰਤੀ ਨਫ਼ਰਤ ਐਨੀ ਕੁ ਜ਼ਿਆਦਾ ਭਰ ਚੁੱਕੀ ਸੀ ਕਿ ਇਕ ਦੂਜੇ ਦੇ ਧਰਮ ਬਾਰੇ ਸੁਣਨਾ ਵੀ ਨਹੀਂ ਚਾਹੁੰਦੇ ਸਨ। ਹਿੰਦੂ ਆਪਣੇ ਧਰਮ ਦੀ ਸਲਾਹੁਤ ਕਰਦਾ ਤੇ ਮੁਸਲਮਾਨ ਆਪਣੀ ਸ਼ੱਰਾ ਨੂੰ ਚੰਗਾ ਕਹਿੰਦਾ। ਮੁਸਲਮਾਨ ਲੋਕਾਂ ਨੂੰ ਸੁੰਨਤ ਕਰਾਉਣ ਲਈ ਕਹਿੰਦਾ ਤੇ ਹਿੰਦੂ ਤਿਲਕ ਜੰਝੂ ਪਹਿਨਣ ਤੇ ਜ਼ੋਰ ਦਿੰਦਾ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਸ ਵੇਲੇ ਧਰਮ ਤਿੰਨਾਂ ਜਾਣਿਆ ਦੇ ਹੱਥ ਸੀ, ਇੱਕ ਬ੍ਰਾਹਮਣ, ਦੂਜੇ ਕਾਜ਼ੀ ਤੇ ਤੀਜੇ ਜੋਗੀ ਪਰ ਹੈਰਾਨੀ ਦੀ ਗੱਲ ਦੀ ਕਿ ਤਿੰਨੇ ਹੀ ਆਪਣੇ ਅਸਲ ਧਰਮ ਨੂੰ ਭੁੱਲ ਕੇ ਚ ਉਲਝੇ ਹੋਏ ਸਨ।
ਮੁਸਲਮਾਨ ਹਕੂਮਤ ਆਪਣੀ ਤਾਕਤ ਦੇ ਅਧਾਰ ਤੇ ਜਬਰਨ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਰਿਹਾ ਸੀ। ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਦੀ ਥਾਂ - ਥਾਂ ਬੇਅਦਬੀ ਕਰਦੇ। ਮੁਸਲਮਾਨ ਹਕੂਮਤ ਨੇ ਤਾਂ ਆਪਣੇ ਜ਼ੋਰ ਦੇ ਸਿਰ ਤੇ ਪਰਮਾਤਮਾ ਦਾ ਨਾਮ ਬਦਲ ਕੇ ਰਹਿਮਾਨ ਰੱਖ ਦਿੱਤਾ। ਪਰਮਾਤਮਾ ਦਾ ਨਾਮ ਜਪਣ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਤੇ ਕਈ ਵਾਰ ਜਾਨੋ ਵੀ ਮਾਰ ਦਿੱਤਾ ਜਾਂਦਾ।
ਕਾਜ਼ੀ ਦਾ ਕੰਮ ਲੋਕਾਂ ਨੂੰ ਇਨਸਾਫ਼ ਦਵਾਉਣ ਸੀ ਪਰ ਉਹ ਆਪ ਲੋਕਾਂ ਤੋਂ ਵੱਢੀ ਲੈ ਕੇ ਫ਼ੈਸਲੇ ਸੁਣਾਉਣ ਲੱਗ ਪਿਆ। ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਲਈ ਕੁਰਾਨ ਦੇ ਗ਼ਲਤ ਅਰਥ ਕਰਕੇ ਲੋਕਾਂ ਨੂੰ ਸੁਣਾ ਦਿੱਤੇ ਜਾਂਦੇ। ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਕਿ ਜਿਨ੍ਹਾਂ ਦਾ ਕੰਮ ਲੋਕਾਂ ਦੇ ਝਗੜੇ ਨਿਬੇੜਨਾ ਸੀ ਉਹ ਆਪ ਹੀ ਲੋਕਾਂ ਵਿੱਚ ਝਗੜੇ ਪਵਾ ਰਹੇ ਸਨ।
ਕਲਯੁੱਗ ਦਾ ਅਤਿਆਚਾਰ ਐਨਾ ਵੱਧ ਚੁੱਕਾ ਸੀ ਕਿ ਮੁਸਲਮਾਨ ਬਾਦਸ਼ਾਹ ਜੋ ਹੁਕਮਰਾਨ ਸਨ ਉਨ੍ਹਾਂ ਲੋਕਾਂ ਉੱਪਰ ਅਤਿਆਚਾਰ ਕਰਨ ਨੂੰ ਆਪਣਾ ਸੁਭਾਅ ਬਣਾਇਆ ਹੋਇਆ ਸੀ। ਫਿਰੋਜ਼ ਤੁਗ਼ਲਕ ਨੇ ਭਗਤ ਨਾਮਦੇਵ ਜੀ ਨੂੰ ਹਾਥੀ ਥੱਲੇ ਕੁਚਲਣ ਦੇ ਹੁਕਮ ਦੇ ਦਿੱਤਾ। ਸਕੰਦਰ ਲੋਧੀ ਨੇ ਭਗਤ ਕਬੀਰ ਜੀ ਨੂੰ ਗੰਗਾ ਵਿੱਚ ਜਿਉਂਦਿਆਂ ਸੁੱਟਣ ਦਾ ਹੁਕਮ ਸੁਣਾਇਆ। ਬਾਬਰ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਵੀ ਬੰਦੀ ਬਣਾਉਣ ਦਾ ਹੁਕਮ ਦੇਣਾ ਇਹ ਸਭ ਕਲਯੁਗ ਦੀਆਂ ਨਿਸ਼ਾਨੀਆਂ ਸਨ।
ਬ੍ਰਾਹਮਣ ਧਰਮ ਛੱਡ ਕੇ ਕਰਮ ਕਾਂਡਾਂ ਉੱਪਰ ਜ਼ੋਰ ਦੇ ਰਿਹਾ ਸੀ। ਗਿਆਨ ਤਾਂ ਉਸ ਨੂੰ ਵੈਸੇ ਹੀ ਭੁੱਲ ਚੁੱਕਾ ਸੀ। ਆਪਣੀ ਜਿੰਦਗੀ ਨੂੰ ਖੁਸ਼ਹਾਲ ਤੇ ਦੂਜਿਆਂ ਦੀ ਜਿੰਦਗੀ ਬੇਹਾਲ ਕਰਨ ਵਿੱਚ ਲੱਗਾ ਹੋਇਆ ਸੀ। ਹਿੰਦੂ ਬ੍ਰਾਹਮਣਾ ਨੇ ਲੋਕਾਂ ਨੂੰ ਪੂਜਾ, ਯੱਗਾਂ ਦੇ ਚੱਕਰਾਂ ਵਿੱਚ ਪਾ ਦਿੱਤਾ। ਲੋਕ ਰੱਬ ਦੀ ਪੂਜਾ ਛੱਡ ਕੇ ਨੌਂ ਗ੍ਰਹਿ, ਦਸ ਦੀਪ ਕਾਲ, ਸੂਰਜ ਦੀ ਪੂਜਾ ਵਿਚ ਜੁੱਟ ਗਏ। ਸੱਚੇ ਪ੍ਰਭੂ ਦੀ ਭਗਤੀ ਛੱਡ ਕੇ ਲੋਕ ਕਰਮ ਕਾਂਡਾਂ ਵਿਚ ਫਸ ਗਏ।
ਆਰਥਿਕ ਦਸ਼ਾ
ਉਸ ਸਮੇਂ ਸਾਰੇ ਲੋਕ ਆਸਾਨੀ ਨਾਲ ਦੋ ਹਿੱਸਿਆਂ ਵਿੱਚ ਵੰਡੇ ਗਏ। ਇੱਕ ਅਮੀਰ ਤੇ ਦੂਜੇ ਗਰੀਬ। ਮੁਸਲਮਾਨ ਹਾਕਮਾਂ ਦੂਜੇ ਲੋਕਾਂ ਨੂੰ ਆਸਾਨੀ ਨਾਲ ਲੁੱਟ ਲੈਂਦਾ। ਗਰੀਬ ਲੋਕਾਂ ਨੂੰ ਮਜਬੂਰੀ ਵੱਸ ਪਏ ਕੇ ਹਾਕਮਾਂ ਦਾ ਰੋਹਬ ਝੱਲਣਾ ਪੈਂਦਾ। ਜੋ ਅਮੀਰ ਹਿੰਦੂ ਸਨ ਉਹ ਹਾਕਮਾਂ ਨਾਲ ਮਿਲ ਕੇ ਗਰੀਬ ਲੋਕਾਂ ਨੂੰ ਲੁੱਟਦੇ।
No comments:
Post a Comment