Punjabi Chapters website ਉੱਪਰ ਤੁਹਾਨੂੰ History ਅਤੇ Biography ਪੜ੍ਹਨ ਨੂੰ ਮਿਲ ਜਾਵੇਗੀ।

Thursday, April 10, 2025

Baba Budha Sahib Ji Mata Ganga Ji



Baba Budha Sahib Ji Mata Ganga Ji


Table of Contents

ਗੁਰੂ ਅਰਜਨ ਦੇਵ ਜੀ 

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਹਿਲਾ ਵਿਆਹ 15 ਜੂਨ 1579 ਈ: ਨੂੰ ਮਾਤਾ ਰਾਮ ਦਈ ਜੀ ਨਾਲ ਹੋਇਆ ਪਰ ਮਾਤਾ ਜੀ ਛੇਤੀ ਹੀ ਚਲਾਣਾ ਕਰ ਗਏ। 

ਤਕਰੀਬਨ 10 ਸਾਲ ਬਾਅਦ 19 ਮਈ 1589 ਈ: ਨੂੰ ਗੁਰੂ ਸਾਹਿਬ ਜੀ ਦਾ ਦੂਜਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ। ਇਸ ਤੋਂ ਬਾਅਦ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮ ਦਾਸ ਜੀ ਨੇ ਗੁਰਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ ਤਾਂ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਬੜਾ ਦੁਖੀ ਹੋਇਆ ਤੇ ਇਸਦਾ ਵਿਰੋਧ ਕਰਨ ਲੱਗਾ। ਪ੍ਰਿਥੀ ਚੰਦ ਨੇ ਗੁਰਗੱਦੀ ਹਾਸਿਲ ਕਰਨ ਲਈ ਬਹੁਤ ਯਤਨ ਕੀਤੇ ਪਰ ਉਸਦੀ ਕੋਈ ਵੀ ਚਾਲ ਸਿਰੇ ਨਾ ਚੜ੍ਹ ਸਕੀ। ਗੁਰਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਕਰਕੇ ਪ੍ਰਿਥੀ ਚੰਦ ਦੇ ਮਨ ਵਿੱਚ ਬਹੁਤ ਜਿਆਦਾ ਨਫ਼ਰਤ ਪੈਦਾ ਹੋ ਗਈ ਤੇ ਇਹ ਨਫ਼ਰਤ ਦਿਨੋ ਦਿਨ ਵਧਣ ਲੱਗੀ।

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਦੂਸਰਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ, ਉਹਨਾਂ ਦੇ ਵਿਆਹ ਤੋਂ ਬਾਰਾਂ ਸਾਲ ਬੀਤਣ ਤੋਂ ਬਾਅਦ ਵੀ ਉਹਨਾਂ ਦੇ ਘਰ ਔਲਾਦ ਨਾ ਹੋਈ ਤੇ ਮਾਤਾ ਗੰਗਾ ਜੀ ਨੂੰ ਗੁਰੂ ਜੀ ਦੇ ਭਰਾ ਪ੍ਰਿਥੀ ਚੰਦ ਦੀ ਘਰਦੀ ਕੋਲੋਂ ਅਕਸਰ ਤਾਹਨੇ ਮਿਹਣੇ ਸੁਣਨੇ ਪੈਂਦੇ ਸੀ। 

ਮਾਤਾ ਗੰਗਾ ਜੀ

ਇੱਕ ਦਿਨ ਮਾਤਾ ਗੰਗਾ ਜੀ ਦੀ ਦਾਸੀ ਟਰੰਕਾਂ ਵਿੱਚੋਂ ਕੱਪੜੇ ਕੱਢ ਕੇ ਕੋਠੇ ਉੱਪਰ ਖਿਲਾਰ ਰਹੇ ਸੀ, ਕੱਪੜੇ ਬਹੁਤ ਹੀ ਕੀਮਤੀ, ਬਹੁਤ ਹੀ ਸੁੰਦਰ ਰੇਸ਼ਮੀ ਕੱਪੜੇ ਸਿੱਖ ਸੰਗਤਾਂ ਵੱਲੋਂ ਭੇਂਟ ਕੀਤੇ ਗਏ ਸਨ। ਜਦੋਂ ਦਾਸੀ ਨੂੰ ਰੇਸ਼ਮੀ ਕੱਪੜੇ ਖਿਲਾਰਦੇ ਪ੍ਰਿਥੀ ਚੰਦ ਦੀ ਘਰਦੀ ਕਰਮੋਂ ਨੇ ਦੇਖਿਆ ਤਾਂ ਉਹ ਨਫ਼ਰਤ ਨਾਲ ਭਰ ਗਈ। 

ਪ੍ਰਿਥੀ ਚੰਦ ਤੇ ਕਰਮੋਂ

ਜਦੋਂ ਪ੍ਰਿਥੀ ਚੰਦ ਘਰ ਆਇਆ ਤਾਂ ਕਰਮੋਂ ਨੇ ਤੋਂ ਕੇ ਕਿਹਾ ਕਿ ਦੇਖੋ ਅਰਜਨ ਦੇਵ ਦੇ ਘਰ ਕਿੰਨੇ ਕੀਮਤੀ ਕੱਪੜੇ ਸੰਗਤਾਂ ਵੱਲੋਂ ਭੇਂਟ ਕੀਤੇ ਗਏ ਹਨ ਪਰ ਸਾਡੇ ਕੋਲ ਕੋਈ ਕੁੱਝ ਵੀ ਨਹੀਂ ਲੈ ਕੇ ਆਉਂਦਾ। ਗੰਗਾ ਦੇ ਘਰ ਆ ਕੇ ਲੋਕੀਂ ਉਸਨੂੰ ਮੱਥਾ ਟੇਕਦੇ ਤੇ ਨਾਲੇ ਭੇਟਾਂ ਦਿੰਦੇ ਨੇ ਪਰ ਸਾਨੂੰ ਕੁੱਝ ਵੀ ਨਹੀਂ।

ਪ੍ਰਿਥੀ ਚੰਦ ਨੇ ਕਿਹਾ ਭਲੀਏ ਲੋਕੇ ਚਿੰਤਾ ਕਿਉਂ ਕਰਦੀ ਏਂ, ਉਹਨਾਂ ਦੇ ਘਰ ਕਿਹੜਾ ਕੋਈ ਪੁੱਤਰ ਧੀ ਏ, ਇਹ ਸਾਰਾ ਕੁੱਝ ਆਪਣੇ ਪੁੱਤ ਨੇ ਹੀ ਵਰਤਣਾ ਹੈ, ਬਸ ਕੁੱਝ ਸਮਾਂ ਚੁੱਪ ਕਰਕੇ ਕੱਟ ਲੈ।

ਪ੍ਰਿਥੀ ਚੰਦ ਤੇ ਕਰਮੋਂ ਦੀਆਂ ਇਹ ਗੱਲਾਂ ਮਾਤਾ ਜੀ ਦੀ ਦਾਸੀ ਨੇ ਸੁਣ ਲਈਆਂ ਤੇ ਸੁਣ ਕੇ ਬਹੁਤ ਦੁਖੀ ਹੋਈ ਤੇ ਓਸੇ ਵੇਲੇ ਸਾਰੇ ਕੱਪੜੇ ਇਕੱਠੇ ਕਰਕੇ ਲੈ ਗਈ ਤੇ ਜਾ ਕੇ ਸਾਰੀ ਗੱਲ ਮਾਤਾ ਗੰਗਾ ਜੀ ਨੂੰ ਦੱਸੀ। ਮਾਤਾ ਗੰਗਾ ਜੀ ਇਹ ਗੱਲਾਂ ਸੁਣ ਕੇ ਉਦਾਸ ਹੋ ਗਏ ਤੇ ਸੋਚਣ ਲੱਗੇ ਕਿ ਕੀ ਸੱਚੀ ਮੇਰੇ ਕਰਮਾਂ ਵਿੱਚ ਪੁੱਤ ਦਾ ਮੂੰਹ ਵੇਖਣਾ ਨਹੀਂ ਲਿਖਿਆ ਕੀ ਸੱਚੀ ਮੇਰਾ ਸਾਰਾ ਕੁੱਝ ਕਰਮੋਂ ਦੇ ਧੀਆਂ ਪੁੱਤ ਸਾਂਭਣਗੇ। ਇਹ ਸਭ ਸੋਚਦੇ ਸੋਚਦੇ ਮਾਤਾ ਜੀ ਉਦਾਸ ਹੋ ਕੇ ਬੈਠ ਗਏ।

ਮਾਤਾ ਗੰਗਾ ਜੀ ਉਦਾਸ

ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਿਲਾਂ ਵਿੱਚ ਵਾਪਿਸ ਆਏ ਤਾਂ ਮਾਤਾ ਗੰਗਾ ਜੀ ਨੂੰ ਉਦਾਸ ਬੈਠਿਆਂ ਦੇਖ ਕੇ ਪੁੱਛਿਆ, "ਕੀ ਗੱਲ ਹੈ, ਤੁਸੀਂ ਉਦਾਸ ਕਿਉਂ ਹੋ?"

ਮਾਤਾ ਜੀ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ, ਮਾਤਾ ਜੀ ਨੇ ਨੇਤਰਾਂ ਵਿੱਚ ਜਲ ਭਰ ਕੇ ਗੁਰੂ ਸਾਹਿਬ ਜੀ ਨੂੰ ਕਿਹਾ, ਮਹਾਰਾਜ ਜੀ ਤੁਸੀਂ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹੋ, ਤੁਸੀਂ ਸਭ ਦੀਆਂ ਝੋਲੀਆਂ ਭਰਦੇ ਹੋ ਤੇ ਇੱਕ ਮੈਂ ਹਾਂ ਜੋ ਤੁਹਾਡੀ ਬਖਸ਼ਿਸ਼ ਤੋਂ ਖਾਲੀ ਬੈਠੀ ਹਾਂ। 

ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ, ਤੁਸੀਂ ਆਪਣੀ ਇੱਛਾ ਦੱਸੋ। ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ, ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਮਾਤਾ ਗੰਗਾ ਜੀ ਨੇ ਸਾਰੀ ਗੱਲ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਦੱਸੀ ਤੇ ਕਿਹਾ ਮਹਾਰਾਜ ਮੇਰੀ ਝੋਲੀ ਵੀ ਪੁੱਤਰ ਦੀ ਦਾਤ ਬਖ਼ਸ਼ੋ। 

ਗੁਰੂ ਅਰਜਨ ਦੇਵ ਜੀ ਨੇ ਕਿਹਾ ਗੁਰੂ ਨਾਨਕ ਜੀ ਦੇ ਘਰ ਕਿਸੇ ਗੱਲ ਦਾ ਘਾਟਾ ਨਹੀਂ, ਗੁਰੂ ਨਾਨਕ ਸਭ ਦੀਆਂ ਝੋਲੀਆਂ ਭਰਦਾ ਹੈ ਪਰ ਤੁਹਾਨੂੰ ਇਹ ਦਾਤ ਪ੍ਰਾਪਤ ਕਰਨ ਕਉ ਕੁੱਝ ਯਤਨ ਕਰਨੇ ਪੈਣਗੇ।

ਤੁਸੀਂ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਓ ਅਤੇ ਓਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਖੁਸ਼ ਕਰੋ ਅਤੇ ਓਹਨਾਂ ਕੋਲੋਂ ਪੁੱਤਰ ਪ੍ਰਾਪਤੀ ਦਾ ਵਰ ਪ੍ਰਾਪਤ ਕਰੋ। ਗੁਰੂ ਸਾਹਿਬ ਜੀ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਵਿੱਚ ਬੜੀ ਸ਼ਕਤੀ ਹੈ, ਉਹ ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਅਰਦਾਸ ਕਰਨਗੇ। ਓਹਨਾਂ ਵੱਲੋਂ ਕੀਤੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ। ਤੁਹਾਡੀ ਇੱਛਾ ਵੀ ਜ਼ਰੂਰ ਪੂਰੀ ਹੋਵੇਗੀ।

ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਮਹਿਮਾ ਪਹਿਲਾਂ ਵੀ ਸੁਣੀ ਹੋਈ ਸੀ। ਗੁਰੂ ਅਰਜਨ ਦੇਵ ਜੀ ਕੋਲੋਂ ਬਾਬਾ ਬੁੱਢਾ ਸਾਹਿਬ ਜੀ ਬਾਰੇ ਸੁਣਕੇ ਮਾਤਾ ਜੀ ਬਹੁਤ ਖੁਸ਼ ਹੋਏ ਤੇ ਓਹਨਾਂ ਦੇ ਮਨ ਵਿੱਚ ਬਾਬਾ ਬੁੱਢਾ ਜੀ ਪ੍ਰਤੀ ਭਰੋਸਾ ਬੱਝ ਗਿਆ ਕਿ ਬਾਬਾ ਜੀ ਕੋਲੋਂ ਉਹਨਾਂ ਨੂੰ ਪੁੱਤਰ ਦੀ ਦਾਤ ਜ਼ਰੂਰ ਮਿਲੇਗੀ।

ਅਗਲੇ ਦਿਨ ਹੀ ਮਾਤਾ ਜੀ ਨੇ ਤਰ੍ਹਾਂ - ਤਰ੍ਹਾਂ ਦੇ ਪਕਵਾਨ ਬਣਵਾਏ। ਸਾਰੇ ਪਕਵਾਨਾਂ ਨੂੰ ਰੱਥ ਵਿੱਚ ਰਖਵਾ ਦਿੱਤਾ ਤੇ ਦਾਸੀਆਂ ਨੂੰ ਨਾਲ ਲੈ ਕੇ ਮਾਤਾ ਦੀ ਰੱਥ ਵਿੱਚ ਸਵਾਰ ਹੋ ਕੇ ਬੜੀ ਧੂਮ ਧਾਮ ਨਾਲ ਬਾਬਾ ਬੁੱਢਾ ਸਾਹਿਬ ਜੀ ਵੱਲ ਨੂੰ ਤੁਰ ਪਏ। 



ਬਾਬਾ ਬੁੱਢਾ ਸਾਹਿਬ ਜੀ

ਬਾਬਾ ਬੁੱਢਾ ਸਾਹਿਬ ਜੀ ਅਕਾਲ ਪੁਰਖੁ ਦੀ ਭਗਤੀ ਵਿੱਚ ਲੀਨ ਹੋਏ ਬੈਠੇ ਸਨ। ਜਦੋਂ ਓਹਨਾਂ ਰੱਥਾਂ ਦਾ ਖੜਾਕ ਸੁਣਿਆ ਅਤੇ ਘੋੜਿਆਂ ਦੀਆਂ ਪੈੜਾਂ ਨਾਲ ਉੱਡਦੀ ਧੂੜ ਵੇਖੀ ਤਾਂ ਬਾਬਾ ਜੀ ਨੇ ਆਪਣੇ ਨਾਲਦੇ ਸਿੱਖ ਨੂੰ ਕਿਹਾ, ਵੇਖ ਗੁਰਮੁਖਾ ਕੌਣ ਆ ਰਿਹਾ ਹੈ। ਸਿੱਖ ਨੇ ਵੇਖ ਕੇ ਦਸਿਆ ਕਿ ਇਹ ਤਾਂ ਗੁਰੂ ਜੀ ਦੇ ਮਹਿਲ ਆਪ ਜੀ ਵੱਲ ਆ ਰਹੇ ਹਨ ਤਾਂ ਬਾਬਾ ਬੁੱਢਾ ਜੀ ਨੇ ਕਿਹਾ, ਅੱਜ ਗੁਰੂ ਕੇ ਮਹਿਕਾਂ ਨੂੰ ਕਿਧਰ ਭਾਜੜਾਂ ਪੈ ਗਈਆਂ। 

ਜਦੋਂ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਇਹਨਾਂ ਬਚਨਾਂ ਦਾ ਪਤਾ ਲੱਗਾ ਤਾਂ ਮਾਤਾ ਜੀ ਉਦਾਸ ਹੋ ਗਏ, ਉਹਨਾਂ ਦੀ ਅੱਗੇ ਵਧਣ ਦੀ ਹਿੰਮਤ ਨਾ ਰਹੀ ਤੇ ਉਹ ਓਥੋਂ ਹੀ ਵਾਪਿਸ ਮੁੜ ਗਏ ਤੇ ਸਾਰੇ ਰਸਤੇ ਸੋਚਦੇ ਰਹੇ ਕਿ ਮੈਂ ਤਾਂ ਪੁੱਤਰ ਦੀ ਦਾਤ ਲੈਣ ਗਈ ਸੀ ਪਰ ਵਰ ਦੀ ਜਗ੍ਹਾ ਸ਼ਰਾਪ ਲੈ ਕੇ ਚੱਲੀ ਹਾਂ। ਵਾਹ ਮੇਰੇ ਭਾਗ। ਇਹੀ ਸੋਚਦੇ ਸੋਚਦੇ ਮਾਤਾ ਜੀ ਅੰਮ੍ਰਿਤਸਰ ਮਹਿਲਾਂ ਵਿੱਚ ਵਾਪਿਸ ਆ ਗਏ। 

ਜਦੋਂ ਗੁਰੂ ਸਾਹਿਬ ਜੀ ਰਾਤ ਨੂੰ ਮਹਿਲਾਂ ਵਿੱਚ ਵਾਪਿਸ ਆਏ ਤਾਂ ਮਾਤਾ ਜੀ ਨੂੰ ਉਦਾਸ ਦੇਖ ਕੇ ਪੁੱਛਣ ਲੱਗੇ ਕਿ ਕੀ ਹੋਇਆ? ਤੁਸੀਂ ਉਦਾਸ ਕਿਉਂ ਹੋ? 

ਮਾਤਾ ਗੰਗਾ ਜੀ ਨੇ ਸਾਰੀ ਗੱਲ ਗੁਰੂ ਸਾਹਿਬ ਜੀ ਨੂੰ ਦੱਸੀ ਤੇ ਕਿਹਾ ਕਿ ਮੈਂ ਤਾਂ ਵਰ ਲੈਣ ਗਈ ਸਾਂ ਪਰ ਸਰਾਪ ਲੈ ਕੇ ਆ ਗਈ ਹਾਂ। ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਛਿਆ ਤੁਸੀਂ ਕਿਸ ਢੰਗ ਨਾਲ ਗਏ ਸੀ। ਮਾਤਾ ਜੀ ਨੇ ਸਾਰਾ ਕੁੱਝ ਦੱਸਿਆ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਜਦੋਂ ਮਹਾਂ ਪੁਰਸ਼ਾਂ ਕੋਲ ਸੇਵਾ ਭਾਵਨਾ ਨਾਲ ਜਾਈਏ ਆਏ ਵਰ ਪ੍ਰਾਪਤੀ ਲਈ ਜਾਈਏ ਤਾਂ ਨੀਵੇਂ ਹੋ ਕੇ ਜਾਈਦਾ। ਸ਼ਾਹੀ ਠਾਠ ਬਾਠ ਨਾਲ ਨਹੀਂ ਜਾਈਦਾ।
ਸਾਧੂ ਸੰਤਾਂ ਕੋਲ ਜਾਈਏ ਤਾਂ ਆਪਣੀ ਹਉਂਮੈ ਤਿਆਗ ਕੇ ਮਨ ਵਿੱਚ ਗਰੀਬੀ ਤੇ ਨਿਮਰਤਾ ਲੈ ਕੇ ਜਾਈਦਾ।

ਤੁਹਾਨੂੰ ਗੁਰੂ ਦੀ ਪਤਨੀ ਹੋਣ ਦੀ ਹਉਂਮੈ ਸੀ ਇਸ ਕਰਕੇ ਤੁਹਾਡੀ ਮਨੋਕਾਮਨਾ ਪੂਰੀ ਨਹੀਂ ਹੋਈ ਤੇ ਤੁਸੀਂ ਮਹਾਂਪੁਰਸ਼ਾਂ ਕੋਲੋਂ ਖਾਲੀ ਵਾਪਿਸ ਆ ਗਏ।

ਇਹ ਸੁਣ ਕੇ ਮਾਤਾ ਜੀ ਨੇ ਬੜੀ ਹੀ ਨਿਮਰਤਾ ਨਾਲ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ "ਪਾਤਸ਼ਾਹ ਜੀ, ਮੈਂ ਅਨਜਾਣ ਸੀ, ਮੈਥੋਂ ਭੁੱਲ ਹੋ ਗਈ" ਕਿਰਪਾ ਕਰਕੇ ਮੈਨੂੰ ਢੰਗ ਦੱਸੋ ਜਿਸ ਨਾਲ ਬਾਬਾ ਬੁੱਢਾ ਜੀ ਪ੍ਰਸੰਨ ਹੋ ਜਾਣ ਤੇ ਮੈਂ ਉਹਨਾਂ ਕੋਲੋਂ ਪੁੱਤਰ ਪ੍ਰਾਪਤੀ ਦਾ ਵਰ ਲੈ ਕੇ ਆਵਾਂ। 

ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ, ਬਾਬਾ ਬੁੱਢਾ ਸਾਹਿਬ ਜੀ ਪੂਰਨ ਬ੍ਰਹਮਗਿਆਨੀ ਹਨ। ਉਹ ਇਹਨਾਂ ਦੁਨਿਆਵੀ ਵਸਤੂਆਂ ਤੋਂ ਉੱਪਰ ਹੋ ਚੁੱਕੇ ਹਨ। ਉਹ ਤਾਂ ਸਾਧਾਰਨ ਪਕਵਾਨ ਖਾਣਾ ਪਸੰਦ ਕਰਦੇ ਹਨ। ਉਹ ਆਮ ਜਿੰਮੀਦਾਰਾਂ ਵਾਂਗ ਜਿੰਦਗੀ ਜਿਉਂਦੇ ਹਨ। ਓਹਨਾਂ ਨੂੰ ਪ੍ਰਸੰਨ ਕਰਨ ਹੈ ਤਾਂ ਓਹਨਾਂ ਦਾ ਮਨ ਭਾਉਂਦਾ ਖਾਣਾ ਲੈ ਕੇ ਜਾਓ। 

ਮਾਤਾ ਗੰਗਾ ਜੀ ਨੇ ਕਿਹਾ, ਮਹਾਰਾਜ ਤੁਸੀਂ ਮੈਨੂੰ ਤਰੀਕਾ ਦੱਸਣ ਦੀ ਕਿਰਪਾਲਤਾ ਕਰੋ।

ਗੁਰੂ ਅਰਜਨ ਦੇਵ ਜੀ ਨੇ ਕਿਹਾ, ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰੋ ਫ਼ਿਰ ਆਪ ਆਪਣੇ ਹੱਥੀਂ ਆਟਾ ਗੁੰਨੋ ਤੇ ਨਾਲ - ਨਾਲ ਆਪ ਹੀ ਗੁਰਬਾਣੀ ਦਾ ਜਾਪ ਕਰੋ ਤੇ ਜਾਪ ਕਰਦੇ ਹੋਏ ਮਿੱਠੇ ਪ੍ਰਸ਼ਾਦੇ ਤਿਆਰ ਕਰੋ। ਪ੍ਰਸ਼ਾਦਿਆਂ ਵਿੱਚ ਲੂਣ ਮਿਰਚ ਤੇ ਗੰਢੇ ਪਾਉਣੇ, ਪ੍ਰਸ਼ਾਦੇ ਚੰਗੇ ਘਿਓ ਨਾਲ ਚੋਪੜਨੇ।

ਆਪ ਦੁੱਧ ਰਿੜਕਣਾ ਤੇ ਮੱਖਣ ਤੇ ਲੱਸੀ ਬਣਾਉਣੀ ਫਿਰ ਇਹਨਾਂ ਪ੍ਰਸ਼ਾਦਿਆਂ ਨੂੰ ਸਿਰ ਤੇ ਚੁੱਕ ਕੇ ਨੰਗੇ ਪੈਰੀਂ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਣਾ। ਇਸ ਤਰ੍ਹਾਂ ਬਾਬਾ ਜੀ ਪ੍ਰਸੰਨ ਹੋ ਜਾਣਗੇ ਤੇ ਆਪ ਜੀ ਦੀ ਮਨੋਕਾਮਨਾ ਜ਼ਰੂਰ ਪੂਰੀ ਕਰਨਗੇ।

ਅਗਲੇ ਦਿਨ ਹੀ ਮਾਤਾ ਜੀ ਨੇ ਗੁਰੂ ਸਾਹਿਬ ਜੀ ਦੇ ਕਹੇ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਹੱਥੀਂ ਪਰਸ਼ਾਦੇ ਤਿਆਰ ਕੀਤੇ, ਲੱਸੀ ਰਿੜਕੀ, ਮੱਖਣ ਕੱਢਿਆ ਤੇ ਇੱਕ ਦਾਸੀ ਨੂੰ ਨਾਲ ਲੈ ਕੇ ਗੁਰਬਾਣੀ ਦਾ ਜਾਪ ਕਰਦੇ ਹੋਏ ਬੀੜ ਸਾਹਿਬ ਵੱਲ ਤੁਰ ਪਏ। 

ਬਾਬਾ ਬੁੱਢਾ ਸਾਹਿਬ ਜੀ ਵੱਲੋਂ ਮਾਤਾ ਗੰਗਾ ਜੀ ਨੂੰ ਵਰ ਦੇਣੇ

ਉਧਰ ਬਾਬਾ ਬੁੱਢਾ ਜੀ ਨੇ ਰਾਤ ਦਾ ਪ੍ਰਸ਼ਾਦਾ ਨਹੀਂ ਛਕਿਆ ਸੀ। ਜਾਣੀ ਜਾਣ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਪਹਿਲਾਂ ਹੀ ਪ੍ਰਸ਼ਾਦਿਆਂ ਦੀ ਉਡੀਕ ਕਰ ਰਹੇ ਸਨ। ਜਦੋਂ ਬਾਬਾ ਜੀ ਨੇ ਮਾਤਾ ਜੀ ਨੂੰ ਆਉਂਦਿਆਂ ਦੇਖਿਆ ਤਾਂ ਆਪ ਮਾਤਾ ਜੀ ਵੱਲ ਨੂੰ ਤੁਰ ਪਏ। ਮਾਤਾ ਜੀ ਨੂੰ ਨਮਸਕਾਰ ਕਰਕੇ ਕਹਿਣ ਲੱਗੇ ਮਾਤਾ ਜੀ ਛੇਤੀ ਪਰਸ਼ਾਦੇ ਲਿਆਓ ਭੁੱਖ ਬਹੁਤ ਲੱਗੀ ਹੈ। ਤੁਸੀਂ ਧੰਨ ਹੋ ਮਾਤਾ ਜੀ, ਮਾਂ ਨੂੰ ਬੱਚਿਆਂ ਦੀ ਭੁੱਖ ਦਾ ਕਿੰਨਾ ਖਿਆਲ ਹੈ। 


ਇਹ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਓਥੇ ਹੀ ਰੁੱਖ ਥੱਲੇ ਚਾਦਰਾ ਵਿਛਾ ਕੇ ਬੈਠ ਗਏ ਤੇ ਮਾਤਾ ਜੀ ਤੋਂ ਪ੍ਰਸ਼ਾਦੇ ਲੈ ਕੇ ਛੱਕਣ ਲੱਗ ਪਏ। ਮਾਤਾ ਜੀ ਨੇ ਇੱਕ ਗੰਡਾ ਬਾਬਾ ਜੀ ਦੇ ਹੱਥਾਂ ਉੱਪਰ ਰੱਖ ਦਿੱਤਾ। 

ਪਹਿਲਾ ਵਰ 

ਬਾਬਾ ਬੁੱਢਾ ਸਾਹਿਬ ਜੀ ਨੇ ਗੰਢੇ ਉੱਪਰ ਮੁੱਕੀ ਮਾਰੀ ਤੇ ਗੰਡਾ ਭੰਨ ਦਿੱਤਾ। ਹਜੇ ਮਾਤਾ ਜੀ ਨੇ ਆਪਣੇ ਮੂੰਹੋਂ ਪੁੱਤਰ ਦੀ ਦਾਤ ਨਹੀਂ ਮੰਗੀ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਾਤਾ ਜੀ ਤੁਹਾਡੇ ਘਰ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਇੱਕ ਐਸਾ ਪੁੱਤਰ ਪੈਦਾ ਹੋਵੇਗਾ। ਜਿਵੇਂ ਮੈਂ ਮੁੱਕੀ ਮਾਰ ਕੇ ਇਹ ਗੰਡਾ ਭੰਨਿਆ ਹੈ ਇਸੇ ਤਰ੍ਹਾਂ ਤੇਰਾ ਪੁੱਤਰ ਵੈਰੀਆਂ ਦੇ ਸਿਰ ਭੰਨਿਆ ਕਰੇਗਾ। ਬੜਾ ਸ਼ਕਤੀਸ਼ਾਲੀ ਬਲੀ ਯੋਧਾ ਹੋਵੇਗਾ ਤੇਰਾ ਪੁੱਤਰ।


ਮਾਤਾ ਜੀ ਜਿਸ ਤਰ੍ਹਾਂ ਤੁਸੀਂ ਮੇਰੀ ਭੁੱਖ ਮਿਟਾਈ ਹੈ ਇਸੇ ਤਰ੍ਹਾਂ ਅਕਾਲ ਪੁਰਖ ਤੇਰੀ ਪੁੱਤਰ ਦੀ ਭੁੱਖ ਪੂਰੀ ਕਰੇਗਾ। ਤੁਹਾਡੇ ਘਰ ਪ੍ਰਭੂ ਦਾ ਅਵਤਾਰ ਪੈਦਾ ਹੋਵੇਗਾ। 

ਦੂਜਾ ਵਰ 

ਹਜੇ ਬਾਬਾ ਜੀ ਨੇ ਪਹਿਲਾ ਵਰ ਹੀ ਦਿੱਤਾ ਸੀ ਕਿ ਉੱਤੋਂ ਬੱਦਲ ਚੜ੍ਹ ਆਏ, ਜਦੋਂ ਬੱਦਲ ਗਰਜਿਆ ਤੇ ਬੱਦਲ ਗਰਜਣ ਦੀ ਆਵਾਜ਼ ਬਾਬਾ ਜੀ ਦੇ ਕੰਨਾਂ ਵਿੱਚ ਪਈ ਤਾਂ ਬਾਬਾ ਜੀ ਨੇ ਕਿਹਾ ਮਾਤਾ ਜੀ ਜਿਵੇਂ ਬੱਦਲ ਗਰਜਿਆ ਹੈ ਇਸ ਤਰ੍ਹਾਂ ਤੇਰੇ ਪੁੱਤਰ ਦੇ ਨਗਾਰੇ ਮੈਦਾਨ - ਏ - ਜੰਗ ਵਿੱਚ ਗਰਜਿਆ ਕਰਨਗੇ।

ਤੀਜਾ ਵਰ 

ਜਦੋਂ ਅਸਮਾਨ ਵਿੱਚ ਬਿਜਲੀ ਲਿਸ਼ਕੀ ਤਾਂ ਬਾਬਾ ਜੀ ਨੇ ਤੀਜਾ ਵਰ ਦਿੱਤਾ, ਮਾਤਾ ਜੀ ਜਿਵੇਂ ਇਹ ਬਿਜਲੀ ਲਿਸ਼ਕੀ ਹੈ ਇਸੇ ਤਰ੍ਹਾਂ ਤੇਰੇ ਪੁੱਤਰ ਦੀਆਂ ਤਲਵਾਰਾਂ ਮੈਦਾਨ ਏ ਜੰਗ ਵਿੱਚ ਲਿਸ਼ਕਿਆ ਕਰਨਗੀਆਂ। 

ਚੌਥਾ ਵਰ 

ਹੁਣ ਨਿੱਕੀ ਨਿੱਕੀ ਕਣੀ ਦਾ ਮੀਂਹ ਸ਼ੁਰੂ ਹੋ ਗਿਆ, ਕਣੀਆਂ ਡਿੱਗਦਿਆਂ ਹੀ ਮਿੱਟੀ ਵਿੱਚ ਸਮਾਂ ਜਾਂਦੀਆਂ, ਬਾਬਾ ਜੀ ਨੇ ਚੌਥਾ ਵਰ ਦਿੱਤਾ, ਤੁਹਾਡਾ ਪੁੱਤਰ ਨਾਮ ਦੀ ਐਸੀ ਵਰਖਾ ਕਰੇਗਾ, ਜਿਹੜਾ ਇਹਨਾਂ ਦੇ ਬਚਨ ਸੁਣ ਲਵੇਗਾ ਉਸਦੇ ਹਿਰਦੇ ਵਿੱਚ ਨਾਮ ਬਾਣੀ ਇਸ ਤਰ੍ਹਾਂ ਸਮਾਂ ਜਾਇਆ ਕਰੇਗੀ ਜਿਵੇਂ ਇਹ ਮੀਂਹ ਦੀਆਂ ਕਣੀਆਂ ਮਿੱਟੀ ਵਿੱਚ ਸਮਾਂ ਰਹੀਆਂ ਨੇ। 

ਇਹ ਸਾਰੇ ਵਰ ਲੈ ਕੇ ਮਾਤਾ ਜੀ ਬਹੁਤ ਖੁਸ਼ ਹੋਏ ਤੇ ਖੁਸ਼ੀ ਖੁਸ਼ੀ ਅੰਮ੍ਰਿਤਸਰ ਆਪਣੇ ਮਹਿਲਾਂ ਵਿੱਚ ਵਾਪਿਸ ਆ ਗਏ ਤੇ ਮਹਿਲਾਂ ਵਿੱਚ ਵਾਪਿਸ ਆ ਕੇ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸਾਰੀ ਵਾਰਤਾ ਸੁਣਾਈ।

ਗੁਰੂ ਅਰਜਨ ਦੇਵ ਜੀ ਇਹ ਸੁਣ ਕੇ ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਜੀ ਤੇ ਧੰਨ ਓਹਨਾਂ ਦੇ ਸਿੱਖ।

ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨਾਲ ਆਗਮਨ ਹੋਇਆ ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਦਾਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ। ਸਤਿਨਾਮ ਵਾਹਿਗੁਰੂ 

No comments:

Post a Comment

Post Top Ad

Your Ad Spot

Pages

SoraTemplates

Best Free and Premium Blogger Templates Provider.

Buy This Template