15 ਅਗਸਤ 1947 ਦਿਲ ਦਹਿਲਾਉਣ ਵਾਲਾ ਕਾਂਡ
15 ਅਗਸਤ 1947 ਜਿਸ ਦਿਨ ਭਾਰਤ ਦੇਸ਼ ਆਜ਼ਾਦ ਹੋਇਆ, ਸਾਨੂੰ ਸਭ ਨੂੰ ਲਗਦਾ ਹੈ ਕਿ ਇਹ ਕਿੰਨਾ ਆਸਾਨ ਹੋਵੇ ਪਰ ਉਹ 15 ਅਗਸਤ 1947 ਦਾ ਦਿਨ ਦਿਲ ਦਹਿਲਾ ਦੇਣ ਵਾਲਾ ਸੀ ਕਿਉਂਕਿ ਇਸ ਦਿਨ ਬਹੁਤ ਸਾਜਿਸ਼ਾਂ ਰਚੀਆਂ ਗਈਆਂ ਜਿਸ ਨਾਲ ਕਈ ਘਰ ਉੱਜੜੇ, ਕਈ ਤਬਾਹ ਹੋਏ। ਉਸ ਦਿਨ ਘਰ ਵੱਸੇ ਨਹੀਂ ਸਗੋਂ ਉੱਜੜੇ। ਲੋਕਾਂ ਨੂੰ ਆਪਣਾ ਕੀਮਤੀ ਸਮਾਨ ਛੱਡ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਪਿਆ। ਇਹ ਮੰਜ਼ਰ ਬਹੁਤ ਖ਼ਤਰਨਾਕ ਸੀ। ਉਸ ਦਿਨ ਇੱਕ ਹੋਰ ਵਾਕਿਆ ਹੋਇਆ ਜੀ ਦਿਲ ਨੂੰ ਝੰਜੋੜ ਕੇ ਰੱਖ ਦਿੰਦਾ ਹੈ। ਉਹ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਨੂਰਪੁਰ ਦੀ ਖੂਨੀ ਰਾਤ ਹੈ।
ਨੂਰਪੁਰ ਦੀ ਖੂਨੀ ਰਾਤ
ਸਾਲ 1947 ਭਾਰਤ ਦੇ ਇਟੀਜ਼ ਵਿੱਚ ਇੱਕ ਅਜਿਹਾ ਸਾਲ ਰਿਹਾ, ਜਿਸ ਵਿੱਚ ਲੋਕਾਂ ਨੂੰ ਦੁੱਖ ਵੀ ਬਹੁਤ ਝੱਲਣੇ ਪਏ ਤੇ ਓਹਨਾਂ ਨੂੰ ਖੁਸ਼ੀ ਵੀ ਮਿਲੀ। ਇਹ ਉਹ ਸਮਾਂ ਸੀ ਜਦੋਂ ਲੋਕ ਇੱਕ ਪਾਸੇ ਤਾਂ ਅਜ਼ਾਦੀ ਦਾ ਜਸ਼ਨ ਮਨਾ ਰਹੇ ਸੀ ਤੇ ਦੂਜੇ ਪਾਸੇ ਬੜੇ ਲੋਕਾਂ ਨੂੰ ਆਪਣੇ ਘਰ ਬਾਰ ਛੱਡਣੇ ਪਏ ਤੇ ਕਿਤੇ ਦੂਰ ਜਾ ਕੇ ਰੈਣ ਬਸੇਰਾ ਕਰਨਾ ਪਿਆ। ਪੰਜਾਬੀ ਅਤੇ ਬੰਗਾਲ ਵਰਗੇ ਇਲਾਕਿਆਂ ਵਿੱਚ ਵੰਡ ਦੀ ਅੱਗ ਐਨੀ ਫੈਲੀ ਹੋਈ ਸੀ ਕਿ ਇਹਨਾਂ ਸੂਬਿਆਂ ਦੇ ਲੋਕਾਂ ਨੂੰ ਹਿੰਸਾ, ਧਰਮ ਦੇ ਨਾਮ ਤੇ ਲੜਾਈਆਂ ਅਤੇ ਲੁੱਟ ਖੋਹ ਦਾ ਸ਼ਿਕਾਰ ਹੋਣਾ ਪਿਆ। ਅਜ਼ਾਦੀ ਦੀ ਲਹਿਰ ਵੀ ਪੰਜਾਬ ਵਿੱਚੋਂ ਉੱਠੀ ਸੀ ਤੇ ਸਭ ਤੋਂ ਵੱਧ ਨੁਕਸਾਨ ਵੀ ਪੰਜਾਬ ਨੂੰ ਝੱਲਣਾ ਪਿਆ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਨੂਰਪੁਰ ਵਿੱਚ ਇੱਕ ਐਸੀ ਘਟਨਾ ਵਾਪਰੀ ਜਿਸਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਇਹ ਘਟਨਾ ਐਨੀ ਭਿਆਨਕ ਸੀ ਕਿ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਓਹਨਾਂ ਲੋਕਾਂ ਲਈ ਇਹ ਇੱਕ ਐਸਾ ਕਾਲਾ ਦਿਨ ਸੀ ਜਿਸ ਦਿਨ ਲੋਕਾਂ ਨੂੰ ਖ਼ੂਨ ਦੇ ਹੰਝੂ ਵਹਾਉਣੇ ਪਏ।
ਵੰਡ ਦੀ ਅੱਗ
ਜਦੋਂ 1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਦਾ ਐਲਾਨ ਹੋਇਆ ਤਾਂ ਦੋਵਾਂ ਦੇਸ਼ਾਂ ਵਿੱਚ ਧਰਮ ਦੇ ਨਾਮ ਤੇ ਲੜਾਈਆਂ ਸ਼ੁਰੂ ਹੋ ਗਈਆਂ। ਹਿੰਦੂ, ਸਿੱਖ, ਮੁਸਲਮਾਨ ਭਾਈਚਾਰੇ ਦੀ ਏਕਤਾ ਦਾ ਸਬੂਤ ਦਿੰਦਾ ਹਿੰਦੁਸਤਾਨ ਧਰਮਾਂ ਵਿੱਚ ਵੰਡਿਆ ਗਿਆ। ਧਰਮ ਦੇ ਨਾਮ ਤੇ ਲੜਾਈ ਐਨੀ ਜ਼ਿਆਦਾ ਵੱਧ ਗਈ ਕਿ ਲੋਕਾਂ ਦਾ ਗੁੱਸਾ ਸਿਖਰਾਂ ਤੱਕ ਪਹੁੰਚ ਗਿਆ। ਪੰਜਾਬ ਦਾ ਉਸ ਵੇਲੇ ਹਿੰਸਾ ਦਾ ਮੁੱਖ ਕੇਂਦਰ ਬਣ ਚੁੱਕਾ ਸੀ, ਜਿੱਥੇ ਹਰ ਰੋਜ਼ ਖੂਨ ਦੀਆਂ ਨਦੀਆਂ ਵਹਿਣ ਲੱਗ ਪਈਆਂ। ਪਿੰਡ, ਸ਼ਹਿਰਾਂ ਤੇ ਕਸਬਿਆਂ ਵਿੱਚ ਲੁੱਟਾਂ-ਖੋਹਾਂ, ਕਤਲ ਅਤੇ ਅੱਗ ਲਾਉਣ ਦੀਆਂ ਵਾਰਦਾਤਾਂ ਆਮ ਹੋ ਗਈਆਂ ਸੀ। ਲੋਕ ਆਪਣੇ ਘਰ ਛੱਡਣ ਲਈ ਮਜ਼ਬੂਰ ਹੋ ਗਏ ਤੇ ਹੋਰ ਕੋਈ ਸੁਰੱਖਿਅਤ ਥਾਂ ਜਾ ਕੇ ਵੱਸਣ ਦੀ ਭਾਲ ਕਰਦੇ। ਪੈਦਲ ਜਾਣ ਵਾਲੇ ਲੋਕ ਤਾਂ ਵਾਰਦਾਤਾਂ ਦਾ ਸ਼ਿਕਾਰ ਹੋ ਹੀ ਜਾਂਦੇ ਸਗੋਂ ਬੱਸਾਂ ਤੇ ਟਰੇਨਾਂ ਵਿੱਚ ਜਾਣ ਵਾਲੇ ਲੋਕ ਵੀ ਹਮਲਾਵਰਾਂ ਦਾ ਨਿਸ਼ਾਨਾ ਬਣ ਜਾਂਦੇ। ਸੜਕਾਂ ਤੇ ਲੱਗੇ ਖ਼ੂਨ ਦੇ ਦਾਗ਼ ਵੰਡ ਦੀ ਦਰਦਨਾਕ ਤੇ ਬੇਰਹਿਮੀ ਕਹਾਣੀ ਨੂੰ ਬਿਆਨ ਕਰਦੇ ਜੋ ਰੂਹ ਨੂੰ ਅੰਦਰ ਤੱਕ ਝੰਜੋੜ ਦਿੰਦੇ।
ਇਸ ਬੇਰਹਿਮ ਮਾਹੌਲ ਦੀ ਲਪੇਟ ਵਿੱਚ ਪੰਜਾਬ ਦਾ ਇੱਕ ਛੋਟਾ ਜਿਹਾ ਪਿੰਡ ਨੂਰਪੁਰ ਵੀ ਆ ਗਿਆ। ਇਹ ਪਿੰਡ ਬੜਾ ਹੀ ਖੁਸ਼ਹਾਲ ਸੀ ਤੇ ਇਹ ਹਰੇ ਭਰੇ ਖੇਤਾਂ ਵਿਚਕਾਰ ਵੱਸਿਆ ਹੋਇਆ ਸੀ ਪਰ ਜਦੋਂ ਇਸ ਪਿੰਡ ਉੱਪਰ ਹਮਲਾਵਰਾਂ ਦੀ ਨਿਗ੍ਹਾ ਪਈ ਤਾਂ ਇਹ ਪਿੰਡ ਵੀ ਨਫ਼ਰਤ ਨਾਲ ਭਰ ਗਿਆ। ਲੋਕ ਇੱਕ ਦੂਜੇ ਦੇ ਦੁਸ਼ਮਣ ਬਣ ਗਏ।
ਸਾਂਝੀਵਾਲਤਾ ਦਾ ਪ੍ਰਤੀਕ ਨੂਰਪੁਰ
ਨੂਰਪੁਰ ਕੋਈ ਬਹੁਤ ਵੱਡਾ ਤੇ ਪ੍ਰਸਿੱਧ ਪਿੰਡ ਨਹੀਂ ਸੀ ਬਲਕਿ ਇਹ ਛੋਟਾ ਜਿਹਾ ਤੇ ਬੜਾ ਹੀ ਖੁਸ਼ਹਾਲ ਪਿੰਡ ਸੀ। ਨੂਰਪੁਰ ਪਿੰਡ ਦੀ ਜਨਸੰਖਿਆ 800 ਦੇ ਕਰੀਬ ਸੀ। ਇਸ ਪਿੰਡ ਵਿੱਚ ਹਿੰਦੂ, ਸਿੱਖ, ਮੁਸਲਿਮ ਧਰਮ ਦੇ ਲੋਕ ਰਹਿੰਦੇ ਸਨ ਅਤੇ ਇਨ੍ਹਾਂ ਵਿੱਚ ਭਾਈਚਾਰਕ ਸਾਂਝ ਵੀ ਬਣੀ ਹੋਈ ਸੀ। ਨੂਰਪੁਰ ਪਿੰਡ ਦੇ ਲੋਕਾਂ ਦੀ ਏਕਤਾ ਪਿੰਡ ਦੀ ਖਾਸੀਅਤ ਸੀ। ਜਦੋਂ ਕਿਤੇ ਪਿੰਡ ਵਿੱਚ ਕੋਈ ਸਮਾਗਮ ਜਾਂ ਕੋਈ ਮੇਲਾ ਹੁੰਦਾ ਤਾਂ ਸਾਰੇ ਧਰਮਾਂ, ਬਰਾਦਰੀਆਂ ਦੇ ਲੋਕ ਮਿਲ ਕੇ ਉਸ ਸਮਾਰੋਹ ਵਿੱਚ ਹਿੱਸਾ ਲੈਂਦੇ। ਹੋਲੀ, ਈਦ ਅਤੇ ਗੁਰਪੁਰਬ ਵਰਗੇ ਤਿਉਹਾਰਾਂ ਵਿੱਚ ਲੋਕ ਇੱਕ ਦੂਜੇ ਦੇ ਗਹਿਰ ਜਾਂਦੇ, ਮਿਠਾਈਆਂ ਵੰਡਦੇ, ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ। ਪਿੰਡ ਵਿੱਚ ਇੱਕ ਪੁਰਾਣਾ ਪਿੱਪਲ ਸੀ ਜਿਸ ਹੇਠ ਪੰਚਾਇਤ ਬੈਠਦੀ ਸੀ। ਪਿੰਡ ਦੇ ਲੋਕ ਕਹਿੰਦੇ ਹਨ ਕਿ ਇਹ ਪਿੱਪਲ ਅੱਜ ਵੀ ਮੌਜੂਦ ਹੈ । ਪਿੰਡ ਵਿੱਚ ਸਾਰੀਆਂ ਬਰਾਦਰੀਆਂ ਲਈ ਪਵਿੱਤਰ ਸਥਾਨ ਵੀ ਸੀ।
ਪਰ 1947 ਦੀ ਸ਼ੁਰੂਆਤ ਵਿੱਚ ਹਾਲਾਤ ਬਦਲਣ ਲੱਗੇ। ਗੁਆਂਢੀ ਪਿੰਡਾਂ ਤੋਂ ਹਿੰਸਾ ਦੀਆਂ ਖ਼ਬਰਾਂ ਆਉਣ ਲੱਗੀਆਂ। ਕੁਝ ਲੋਕ, ਜੋ ਬਾਹਰੀ ਉਗਰਵਾਦੀ ਗਰੁੱਪਾਂ ਦੇ ਸੰਪਰਕ ਵਿੱਚ ਸਨ, ਪਿੰਡ ਵਿੱਚ ਫਿਰਕੂ ਤਣਾਅ ਭੜਕਾਉਣ ਦੀ ਕੋਸ਼ਿਸ਼ ਕਰਨ ਲੱਗੇ। ਨੂਰਪੁਰ ਦੇ ਬਜ਼ੁਰਗ, ਜਿਨ੍ਹਾਂ ਨੇ ਸਾਲਾਂ ਤੋਂ ਇਕਤਾ ਦੀ ਮਿਸਾਲ ਕਾਇਮ ਰੱਖੀ ਸੀ, ਬਾਰ-ਬਾਰ ਪੰਚਾਇਤ ਸੱਦ ਕੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ। ਪਰ ਵੰਡ ਦੀ ਅੱਗ ਇੰਨੀ ਤੇਜ਼ ਸੀ ਕਿ ਉਹ ਨੂਰਪੁਰ ਨੂੰ ਵੀ ਆਪਣੀ ਲਪੇਟ ਵਿੱਚ ਲੈਣ ਵਾਲੀ ਸੀ।
14 ਅਗਸਤ 1947 ਦੀ ਖੌਫ਼ਨਾਕ ਰਾਤ
14 ਅਗਸਤ 1947 ਦੀ ਰਾਤ ਜਦੋਂ ਸਾਰੇ ਦੇਸ਼ ਦੇ ਲੋਕ ਅਜ਼ਾਦੀ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਸੀ। ਉਸ ਰਾਤ ਨੂਰਪੁਰ ਪਿੰਡ ਵਿੱਚ ਇੱਕ ਬੜੀ ਹੀ ਦਰਦਨਾਕ ਘਟਨਾ ਵਾਪਰੀ ਜਿਸ ਨੇ ਲੋਕਾਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ। ਕੁੱਝ ਉੱਗਰਵਾਦੀ (ਕੱਟੜਪੰਥੀ) ਲੋਕਾਂ ਵੱਲੋਂ ਪਹਿਲਾਂ ਤੋਂ ਹੀ ਇਸ ਪਿੰਡ ਵਿਚ ਵਾਰਦਾਤ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਇਹ ਉਹ ਲੋਕ ਸਨ ਜੋ ਦੇਸ਼ ਦੀ ਵੰਡ ਦੇ ਬਹਾਨੇ ਹਿੰਸਾ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਸਨ। ਇਹਨਾਂ ਦਾ ਮਕਸਦ ਨੂਰਪੁਰ ਪਿੰਡ ਵਿੱਚੋਂ ਮੁਸਲਿਮ ਲੋਕਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਸੀ ਤੇ ਉਹ ਉੱਗਰਵਾਦੀ ਲੋਕ ਓਹਨਾਂ ਦੀ ਦੌਲਤ ਨੂੰ ਲੁੱਟ ਕੇ ਪਿੰਡ ਉੱਪਰ ਕਬਜ਼ਾ ਕਰਨਾ ਚਾਹੁੰਦੇ ਸਨ।
ਖੌਫ਼ਨਾਕ ਮੰਜ਼ਰ
ਰਾਤ ਦੇ ਕਰੀਬ 10:30 ਦਾ ਸਮਾਂ ਸੀ, ਪਿੰਡ ਵਿੱਚ ਕੁੱਝ ਲੋਕ ਸੌਂ ਚੁਕੇ ਸੀ ਤੇ ਕੁੱਝ ਸੌਣ ਦੀ ਤਿਆਰੀ ਵਿੱਚ ਸੀ ਅਤੇ ਕੁੱਝ ਲੋਕ ਅਜ਼ਾਦੀ ਦਾ ਜਸ਼ਨ ਮਨਾਉਣ ਦੀ ਤਿਆਰੀ ਵਿੱਚ ਸੀ। ਉਸ ਸਮੇਂ ਤਕਰੀਬਨ 50 ਤੋਂ 60 ਹਮਲਾਵਰ ਹਥਿਆਰਾਂ ਨਾਲ ਲੈਸ ਹੋ ਕੇ ਪਿੰਡ ਵਿੱਚ ਵੜ੍ਹ ਆਏ। ਓਹਨਾਂ ਕੋਲ ਤਲਵਾਰਾਂ, ਕੁਲਹਾੜੀਆਂ, ਦੇਸੀ ਬੰਦੂਕਾਂ, ਡਾਂਗਾ ਤੇ ਅੱਗ ਬਾਲਣ ਵਾਲਿਆਂ ਮਸ਼ਾਲਾਂ ਸਨ।
ਇਹ ਲੋਕ ਇੱਕ ਵੱਡੇ ਇਕੱਠ ਵਿੱਚ ਆਏ ਤੇ ਪਿੰਡ ਦੇ ਨਕਸ਼ੇ ਬਾਰੇ ਪਹਿਲਾਂ ਤੋਂ ਜਾਣੂ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਉਸ ਬਸਤੀ ਨੂੰ ਘੇਰ ਲਿਆ, ਜਿੱਥੇ ਜ਼ਿਆਦਾਤਰ ਮੁਸਲਮਾਨ ਰਹਿੰਦੇ ਸਨ, ਜੋ ਪਿੰਡ ਦੇ ਪੱਛਮ ਵਾਲੇ ਪਾਸੇ ਸੀ।
ਹਮਲੇ ਦੀ ਸ਼ੁਰੂਆਤ
ਹਮਲਾਵਰਾਂ ਨੇ ਸਭ ਤੋਂ ਪਹਿਲਾਂ ਬਸਤੀ ਦੇ ਮੁੱਖ ਰਾਹ ਬੰਦ ਕਰ ਦਿੱਤੇ ਤਾਂ ਜੋ ਕੋਈ ਭੱਜ ਨਾ ਸਕੇ। ਫਿਰ, ਉਨ੍ਹਾਂ ਨੇ ਘਰਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਲੋਕਾਂ ਦੇ ਘਰ ਮਿੱਟੀ ਅਤੇ ਲੱਕੜ ਨਾਲ ਬਣੇ ਹੋਏ ਸੀ ਜਿਸ ਕਰਕੇ ਘਰਾਂ ਨੂੰ ਅੱਗ ਛੇਤੀ ਲੱਗ ਗਈ ਤੇ ਅੱਗ ਬਹੁਤ ਤੇਜ਼ੀ ਨਾਲ ਫੈਲਣ ਲੱਗੀ ਅਤੇ ਕੁੱਝ ਕੁ ਪਲਾਂ ਵਿੱਚ ਹੀ ਬਸਤੀ ਧੂੰਏਂ ਨਾਲ ਭਰ ਗਈ। ਜਦੋਂ ਤੱਕ ਲੋਕਾਂ ਦੀ ਨੀਂਦ ਖੁੱਲ੍ਹੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਚਾਰੇ ਪਾਸੇ ਬਸ ਚੀਕ ਚਿਹਾੜਾ ਸੁਣ ਰਿਹਾ ਸੀ ਅਤੇ ਡਰ ਦਾ ਮਾਹੌਲ ਬਣ ਗਿਆ। ਮਰਦਾਂ ਨੇ ਆਪਣੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਹਮਲਾਵਰਾਂ ਦੀ ਵੱਡੀ ਗਿਣਤੀ, ਹਥਿਆਰ ਤੇ ਬੇਰਹਿਮੀ ਅੱਗੇ ਓਹਨਾਂ ਦੀ ਇੱਕ ਨਾ ਚੱਲੀ।
ਹਮਲੇ ਦੀ ਸ਼ੁਰੂਆਤ
ਹਮਲਾਵਰ ਲੋਕਾਂ ਦੇ ਘਰਾਂ ਵਿੱਚ ਵੜ੍ਹਦੇ ਤੇ ਲੋਕਾਂ ਨੂੰ ਧੂਹ ਕੇ ਬਾਹਰ ਲੈ ਆਉਂਦੇ ਤੇ ਬਾਹਰ ਲਿਆ ਕੇ ਗੰਡਾਸਿਆਂ, ਕੁਹਾੜੀਆਂ ਤੇ ਕਿਰਪਾਨਾਂ ਨਾਲ ਓਹਨਾਂ ਨ੍ਹ ਵੱਢ ਦਿੰਦੇ। ਜਨਾਨੀਆਂ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਜਿਨ੍ਹਾਂ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਵੀ ਹਮਲਾਵਰਾਂ ਨੇ ਘੇਰ ਲਿਆ ਤੇ ਮਾਰ ਦਿੱਤਾ। ਪਿੰਡ ਵਿੱਚ ਇੱਕ ਖੂਹ ਸੀ ਜਿਥੋਂ ਸਾਰੇ ਧਰਮਾਂ ਦੇ ਲੋਕ ਪਾਣੀ ਪੀਂਦੇ ਸੀ ਉਹ ਖੂਹ ਉਸ ਰਾਤ ਲਾਸ਼ਾਂ ਨਾਲ ਭਰ ਗਿਆ।
ਰਜ਼ੀਆ ਦੀ ਕਹਾਣੀ
ਇਸ ਖੌਫ਼ਨਾਕ ਹਮਲੇ ਦੇ ਵਿਚਕਾਰ ਇੱਕ ਅਜਿਹੀ ਕਹਾਣੀ ਸਾਹਮਣੇ ਆਈ ਜੋ ਨੂਰਪੁਰ ਪਿੰਡ ਦੀ ਖ਼ੂਨੀ ਰਾਤ ਦੀ ਸਭ ਤੋਂ ਦਰਦਨਾਕ ਤੇ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਇਤਿਹਾਸ ਵਿੱਚ ਦਰਜ਼ ਹੋ ਗਈ। ਇੱਕ ਨੌਂ ਸਾਲ ਦੀ ਮਾਸੂਮ ਕੁੜੀ, ਜਿਸ ਦੀਆਂ ਅਜੇ ਜਿੰਦਗੀ ਦੇ ਸੁਪਨੇ ਚਮਕਣੇ ਸ਼ੁਰੂ ਹੀ ਹੋਏ ਸੀ, ਉਹ ਆਪਣੀ ਮਾਂ ਹਸੀਨਾ ਤੇ ਛੋਟੇ ਭਰਾ ਸਲੀਮ ਨਾਲ ਪਿੰਡ ਦੇ ਇੱਕ ਛੋਟੇ ਜਿਹੇ ਮਿੱਟੀ ਦੇ ਘਰ ਵਿੱਚ ਰਹਿੰਦੀ ਸੀ, ਜੋ ਕਿ ਨੂਰਪੁਰ ਪਿੰਡ ਦੀ ਮੁਸਲਿਮ ਬਸਤੀ ਦੇ ਕਿਨਾਰੇ ਤੇ ਸੀ। ਘਰ ਛੋਟਾ ਤੇ ਸਾਦਾ ਸੀ ਪਰ ਪਿਆਰ ਨਾਲ ਭਰਿਆ ਹੋਇਆ ਸੀ। ਘਰ ਦੀਆਂ ਮਿੱਟੀ ਦੀਆਂ ਕੰਧਾਂ 'ਤੇ ਰਜ਼ੀਆ ਦੀਆਂ ਉਂਗਲਾਂ ਨਾਲ ਬਣਾਈਆਂ ਨਿੱਕੀਆਂ-ਨਿੱਕੀਆਂ ਤਸਵੀਰਾਂ ਸਨ, ਜੋ ਉਸ ਦੀ ਮਾਸੂਮੀਅਤ ਦੀ ਗਵਾਹੀ ਦਿੰਦੀਆਂ ਸਨ।
ਰਜ਼ੀਆ ਦਾ ਪਿਉ ਜਿਸ ਦਾ ਨਾਮ ਮੁਹੰਮਦ ਦੀਨ ਸੀ ਉਹ ਇੱਕ ਆਮ ਕਿਸਾਨ ਸੀ। ਜੋ ਪਿੰਡ ਦੇ ਖੇਤਾਂ ਵਿੱਚ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ ਪਰ ਕੁੱਝ ਮਹੀਨੇ ਪਹਿਲਾਂ ਹੀ ਕਿਸੇ ਬਿਮਾਰੀ ਕਰਕੇ ਉਸ ਦੀ ਮੌਤ ਹੋ ਚੁੱਕੀ ਸੀ। ਹੁਣ ਉਸ ਘਰ ਵਿੱਚ ਹਸੀਨਾ, ਰਜ਼ੀਆ ਤੇ ਛੋਟਾ ਜਿਹਾ ਸਲੀਮ ਰਹਿੰਦੇ ਸਨ। ਹਸੀਨਾ ਪਿੰਡ ਵਿੱਚ ਕੱਪੜੇ ਸੀਂ ਕੇ ਜਾਂ ਖੇਤਾਂ ਵਿਚ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੀ ਤੇ ਰਾਤ ਨੂੰ ਚੁੱਲ੍ਹੇ ਤੇ ਸਾਡੀ ਜਿਹੀ ਰੋਟੀ ਪਕਾਉਂਦੀ ਤੇ ਆਪਣੇ ਬੱਚਿਆਂ ਨੂੰ ਪਾਲਦੀ। ਉਸ ਦੀਆਂ ਅੱਖਾਂ ਵਿੱਚ ਥਕਾਵਟ ਤਾਂ ਹੁੰਦੀ ਪਰ ਦੋਵੇਂ ਬੱਚਿਆਂ ਦੀ ਮੁਸਕੁਰਾਹਟ ਦੇਖ ਕੇ ਉਸ ਦੇ ਚਿਹਰੇ ਤੇ ਵੀ ਮੁਸਕੁਰਾਹਟ ਆ ਜਾਂਦੀ। ਰਜ਼ੀਆ ਪਿੰਡ ਵਿੱਚ ਹੀ ਛੋਟੇ ਜਿਹੇ ਸਕੂਲ ਵਿੱਚ ਪੜ੍ਹਦੀ ਸੀ ਤੇ ਅਕਸਰ ਆਪਣੀ ਮਾਂ ਨੂੰ ਕਹਿੰਦੀ, "ਅੰਮੀ, ਮੈਂ ਵੱਡੀ ਹੋ ਕੇ ਮਾਸਟਰਨੀ ਬਣਾਂਗੀ ਤੇ ਤੁਹਾਨੂੰ ਸਾਰੇ ਸਿੱਖ ਦੇਵਾਂਗੀ।" ਰਜ਼ੀਆ ਨੇ ਸੁਪਨੇ ਤਾਂ ਬਹੁਤ ਸਜਾਏ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।
ਪਰ ਹਮਲਾਵਰਾਂ ਦੀ ਬੇਰਹਿਮੀ ਨੇ ਸਾਰੀਆਂ ਉਮੀਦਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਉਨ੍ਹਾਂ ਨੇ ਦਰਵਾਜ਼ਾ ਤੋੜ ਦਿੱਤਾ, ਮਸ਼ਾਲਾਂ ਦੀ ਰੌਸ਼ਨੀ ਵਿੱਚ ਉਨ੍ਹਾਂ ਦੇ ਚਿਹਰਿਆਂ 'ਤੇ ਨਫਰਤ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ। ਉਨ੍ਹਾਂ ਨੇ ਘਰ ਦੇ ਅੰਦਰ ਮਸ਼ਾਲਾਂ ਸੁੱਟੀਆਂ, ਅਤੇ ਮਿੱਟੀ-ਲੱਕੜ ਦਾ ਘਰ ਪਲਾਂ ਵਿੱਚ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ। ਅੱਗ ਨੇ ਰਜ਼ੀਆ ਦੀਆਂ ਉਂਗਲਾਂ ਨਾਲ ਬਣਾਈਆਂ ਉਹ ਨਿੱਕੀਆਂ ਤਸਵੀਰਾਂ ਵੀ ਸਾੜ ਦਿੱਤੀਆਂ, ਜੋ ਘਰ ਦੀਆਂ ਕੰਧਾਂ ਉੱਪਰ ਉਸ ਨੇ ਬੜੇ ਚਾਵਾਂ ਨਾਲ ਬਣਾਈਆਂ ਸੀ, ਜੋ ਉਸ ਦੇ ਸੁਪਨਿਆਂ ਦੀ ਨਿਸ਼ਾਨੀ ਸਨ।
ਹਸੀਨਾ ਨੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਆਖਰੀ ਸਾਹ ਤੱਕ ਜੱਦੋ-ਜਹਿਦ ਕੀਤੀ। ਉਸ ਨੇ ਰਜ਼ੀਆ ਅਤੇ ਸਲੀਮ ਨੂੰ ਚੁੱਕ ਕੇ ਘਰ ਦੇ ਪਿਛਲੇ ਰਾਹ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿੱਥੇ ਇੱਕ ਛੋਟਾ ਜਿਹਾ ਰਸਤਾ ਖੇਤਾਂ ਵੱਲ ਜਾਂਦਾ ਸੀ। ਪਰ ਹਮਲਾਵਰ ਪਹਿਲਾਂ ਹੀ ਹਰ ਰਸਤੇ 'ਤੇ ਤਾਇਨਾਤ ਸਨ। ਉਨ੍ਹਾਂ ਨੇ ਹਸੀਨਾ ਅਤੇ ਬੱਚਿਆਂ ਨੂੰ ਘੇਰ ਲਿਆ। ਰਜ਼ੀਆ ਦੀਆਂ ਅੱਖੀਆਂ ਸਾਹਮਣੇ, ਇੱਕ ਹਮਲਾਵਰ ਨੇ ਤਲਵਾਰ ਨਾਲ ਹਸੀਨਾ 'ਤੇ ਵਾਰ ਕੀਤਾ। ਹਸੀਨਾ ਦੀ ਇੱਕ ਦਰਦਨਾਕ ਚੀਕ ਨਾਲ ਸਾਰਾ ਅਸਮਾਨ ਗੂੰਜ ਉੱਠਿਆ, ਜੋ ਰਜ਼ੀਆ ਦੇ ਕੰਨਾਂ ਵਿੱਚ ਸਦਾ ਲਈ ਗੂੰਜਦੀ ਰਹੀ। ਹਸੀਨਾ ਨੇ ਆਖਰੀ ਸਾਹ ਵਿੱਚ ਵੀ ਸਲੀਮ ਨੂੰ ਆਪਣੀ ਗੋਦ ਵਿੱਚ ਜਕੜਿਆ ਹੋਇਆ ਸੀ, ਪਰ ਉਸ ਦੀ ਜਾਨ ਨਾ ਬਚ ਸਕੀ। ਸਲੀਮ, ਜਿਸ ਦੀਆਂ ਮਾਸੂਮ ਅੱਖਾਂ ਅਜੇ ਵੀ ਅੰਮੀ ਦੀ ਗੋਦ ਵਿੱਚ ਸੁਰੱਖਿਆ ਲੱਭ ਰਹੀਆਂ ਸਨ, ਉਹ ਵੀ ਇਸ ਬੇਰਹਿਮੀ ਦਾ ਸ਼ਿਕਾਰ ਹੋ ਗਿਆ।
ਰਜ਼ੀਆ, ਜੋ ਡਰ ਨਾਲ ਬੁਰੀ ਤਰ੍ਹਾਂ ਕੰਬ ਰਹੀ ਸੀ, ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕਿਉਂ ਹੋ ਰਿਹਾ ਸੀ। ਉਸ ਦਾ ਨਿੱਕਾ ਜਿਹਾ ਦਿਲ ਤੜਫ ਰਿਹਾ ਸੀ। ਅੱਗ ਦੀਆਂ ਲਪਟਾਂ ਅਤੇ ਹਮਲਾਵਰਾਂ ਦੀਆਂ ਭਿਆਨਕ ਆਵਾਜ਼ਾਂ ਦੇ ਵਿਚਕਾਰ, ਉਹ ਕਿਸੇ ਤਰ੍ਹਾਂ ਇੱਕ ਸੜਦੀ ਹੋਈ ਕੰਧ ਦੇ ਪਿੱਛੇ ਲੁਕ ਗਈ। ਉਸ ਦੇ ਨਿੱਕੇ-ਨਿੱਕੇ ਪੈਰ ਅੱਗ ਦੀ ਤਪਸ਼ ਨੂੰ ਸਹਿੰਦੇ ਰਹੇ। ਨੇੜੇ ਇੱਕ ਝੜੀ ਸੀ ਜਿਸ ਰਾਹੀਂ ਉਹ ਭੱਜਣ ਵਿੱਚ ਕਾਮਯਾਬ ਹੋ ਗਈ। ਝਾੜੀ ਵਿੱਚ ਲੱਗੇ ਕੰਡਿਆਂ ਨੇ ਉਸ ਦੇ ਨਾਜ਼ੁਕ ਹੱਥਾਂ ਅਤੇ ਪੈਰਾਂ ਨੂੰ ਜਗ੍ਹਾ-ਜਗ੍ਹਾ ਤੋਂ ਖੁਰਚ ਦਿੱਤਾ, ਪਰ ਉਸ ਨੂੰ ਇਸ ਦਰਦ ਦਾ ਅਹਿਸਾਸ ਵੀ ਨਹੀਂ ਸੀ। ਉਹ ਸਾਰੀ ਰਾਤ ਉਸ ਝਾੜੀ ਵਿੱਚ ਲੁਕੀ ਰਹੀ, ਸਾਰੀ ਰਾਤ ਉਸ ਠੰਢੀ ਜ਼ਮੀਨ 'ਤੇ ਡਰ ਨਾਲ ਕੰਬਦੀ ਅਤੇ ਆਪਣੀ ਮਾਂ ਦੀਆਂ ਚੀਕਾਂ ਨੂੰ ਯਾਦ ਕਰਦੀ ਰਹੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਰਹੇ, ਪਰ ਉਸ ਨੇ ਇੱਕ ਵੀ ਅਵਾਜ਼ ਨਾ ਕੀਤੀ, ਕਿਤੇ ਹਮਲਾਵਰ ਉਸ ਨੂੰ ਨਾ ਲੱਭ ਲੈਣ।
ਰਜ਼ੀਆ ਨੇ ਉਸ ਰਾਤ ਜੋ ਕੁਝ ਵੇਖਿਆ, ਉਹ ਕਿਸੇ ਵੀ ਬੱਚੇ ਦੇ ਸਹਿਣ ਤੋਂ ਬਹੁਤ ਬਾਹਰ ਸੀ। ਉਸ ਦੀ ਮਾਂ ਦੀਆਂ ਚੀਕਾਂ, ਜੋ ਅਜੇ ਵੀ ਉਸ ਦੇ ਕੰਨਾਂ ਵਿੱਚ ਗੂੰਜ ਰਹੀਆਂ ਸਨ, ਉਸ ਦੇ ਭਰਾ ਸਲੀਮ ਦੀਆਂ ਮਾਸੂਮ ਅੱਖਾਂ, ਜੋ ਮੌਤ ਤੋਂ ਪਹਿਲਾਂ ਡਰ ਨਾਲ ਭਰ ਗਈਆਂ ਸਨ, ਅਤੇ ਚਾਰੇ ਪਾਸੇ ਫੈਲੀ ਅੱਗ ਦੀ ਤਪਸ਼ ਤੇ ਖੂਨ ਦੀ ਭਿਆਨਕ ਬਦਬੂ ਨੇ ਉਸ ਦੇ ਨਾਜ਼ੁਕ ਦਿਲ 'ਤੇ ਅਜਿਹਾ ਜ਼ਖਮ ਛੱਡਿਆ, ਜੋ ਜ਼ਿੰਦਗੀ ਭਰ ਨਾ ਭਰ ਸਕਿਆ। ਉਸ ਰਾਤ ਰਜ਼ੀਆ ਨੇ ਨਾ ਸਿਰਫ ਆਪਣੀ ਮਾਂ ਅਤੇ ਭਰਾ ਨੂੰ ਗੁਆਇਆ, ਸਗੋਂ ਆਪਣੀ ਮਾਸੂਮੀਅਤ, ਸੁਪਨੇ ਅਤੇ ਬਚਪਨ ਦੀਆਂ ਖੁਸ਼ੀਆਂ ਵੀ ਹਮੇਸ਼ਾ ਲਈ ਗੁਆ ਦਿੱਤੀਆਂ।
ਰਜ਼ੀਆ ਦੀ ਇਹ ਕਹਾਣੀ ਸਿਰਫ ਇੱਕ ਬੱਚੀ ਦੀ ਨਹੀਂ, ਸਗੋਂ ਵੰਡ ਦੀ ਉਸ ਭਿਆਨਕ ਅੱਗ ਦੀ ਹੈ, ਜਿਸ ਨੇ ਲੱਖਾਂ ਜੀਵਨਾਂ ਨੂੰ ਤਬਾਹ ਕਰ ਦਿੱਤਾ। ਉਸ ਦੀਆਂ ਅੱਖਾਂ ਵਿੱਚ ਸਦਾ ਲਈ ਉਸ ਰਾਤ ਦਾ ਮਾਹੌਲ ਸਮਾਇਆ ਰਿਹਾ, ਪਰ ਉਸ ਦੇ ਦਿਲ ਵਿੱਚ ਅਜੇ ਵੀ ਆਪਣੀ ਮਾਂ ਦਾ ਪਿਆਰ ਅਤੇ ਸਲੀਮ ਦੀ ਮੁਸਕਰਾਹਟ ਜਿਉਂਦੀ ਸੀ। ਇਹ ਕਹਾਣੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਨਫਰਤ ਦੀ ਅੱਗ ਕਿੰਨੀ ਖਤਰਨਾਕ ਹੋ ਸਕਦੀ ਹੈ, ਅਤੇ ਏਕਤਾ ਤੇ ਪਿਆਰ ਹੀ ਅਸਲ ਜੀਵਨ ਦਾ ਸਹਾਰਾ ਹਨ
No comments:
Post a Comment